ਡੇਵੋਨਪੋਰਟ – ਆਸਟ੍ਰੇਲੀਆ ਦੇ ਤਸਮਾਨੀਆ ਰਾਜ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਘਟਨਾ ਵਾਪਰੀ। ਇੱਥੇ ਤੇਜ਼ ਹਵਾਵਾਂ ਕਾਰਨ ਜੰਪਿੰਗ ਕੈਸਲ 10 ਮੀਟਰ ਉੱਚਾਈ ‘ਤੇ ਜਾਣ ਮਗਰੋਂ ਹੇਠਾਂ ਡਿੱਗਣ ਕਾਰਨ ਘੱਟੋ-ਘੱਟ 5 ਬੱਚਿਆਂ ਦੀ ਮੌਤ ਹੋ ਗਈ।
ਇਹ ਘਟਨਾ ਉਦੋਂ ਵਾਪਰੀ ਜਦੋਂ ਤਸਮਾਨੀਆ ਦੇ ਡੇਵੋਨਪੋਰਟ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਰੱਖਿਆ ਗਿਆ ਜੰਪਿੰਗ ਕੈਸਲ ਅਚਾਨਕ ਤੇਜ਼ ਹਵਾਵਾਂ ਕਾਰਨ ਉੱਡ ਗਿਆ। ਜਦੋਂ ਕੈਸਲ 10 ਮੀਟਰ ਉੱਚਾਈ ‘ਤੇ ਹਵਾ ਵਿਚ ਸੀ, ਉਦੋਂ 3 ਮੁੰਡੇ ਅਤੇ ਦੋ ਕੁੜੀਆਂ ਜ਼ਮੀਨ ‘ਤੇ ਡਿੱਗ ਪਏ ਅਤੇ ਉਹਨਾਂ ਦੀ ਮੌਤ ਹੋ ਗਈ। ਤਸਮਾਨੀਆ ਪੁਲਸ ਨੇ ਦੱਸਿਆ ਕਿ ਟਾਪੂ ਦੇ ਉੱਤਰ ਵਿੱਚ ਡੇਵੋਨਪੋਰਟ ਵਿੱਚ ਸਕੂਲੀ ਸਾਲ ਦੇ ਆਖਰੀ ਦਿਨ ਬੱਚੇ 10 ਮੀਟਰ ਦੀ ਉਚਾਈ ਤੋਂ ਡਿੱਗ ਪਏ। ਗੰਭੀਰ ਜ਼ਖਮੀ ਹੋਏ ਬੱਚਿਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਤਸਮਾਨੀਆ ਦੇ ਪੁਲਸ ਕਮਿਸ਼ਨਰ ਡੈਰੇਨ ਹਾਇਨ ਨੇ ਕਿਹਾ ਕਿ ਅਜਿਹੇ ਦਿਨ ਜਦੋਂ ਇਹ ਬੱਚੇ ਪ੍ਰਾਇਮਰੀ ਸਕੂਲ ਵਿੱਚ ਆਪਣਾ ਆਖਰੀ ਦਿਨ ਮਨਾ ਰਹੇ ਸਨ ਉਦੋਂ ਅਸੀਂ ਖੁਸ਼ ਹੋਣ ਦੀ ਬਜਾਏ ਉਨ੍ਹਾਂ ਦੀ ਦਰਦਨਾਕ ਮੌਤ ਦਾ ਸੋਗ ਮਨਾ ਰਹੇ ਹਾਂ। ਸਾਡਾ ਦਿਲ ਪਰਿਵਾਰਾਂ ਅਤੇ ਅਜ਼ੀਜ਼ਾਂ, ਸਕੂਲ ਦੇ ਸਾਥੀਆਂ ਅਤੇ ਉਨ੍ਹਾਂ ਬੱਚਿਆਂ ਦੇ ਅਧਿਆਪਕਾਂ ਲਈ ਟੁੱਟ ਰਿਹਾ ਹੈ। ਪੈਰਾਮੈਡਿਕਸ ਸਵੇਰੇ 10 ਵਜੇ ਮੌਕੇ ‘ਤੇ ਪਹੁੰਚੇ ਅਤੇ ਬੱਚਿਆਂ ਨੂੰ ਹੈਲੀਕਾਪਟਰਾਂ ਰਾਹੀਂ ਹਸਪਤਾਲ ਲਿਜਾਣ ਤੋਂ ਪਹਿਲਾਂ ਤੁਰੰਤ ਡਾਕਟਰੀ ਸਹਾਇਤਾ ਦਿੱਤੀ । ਹਾਇਨ ਨੇ ਕਿਹਾ ਕਿ ਇਸ ਸਮੇਂ ਸਾਡਾ ਧਿਆਨ ਸਾਡੇ ਭਾਈਚਾਰੇ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ‘ਤੇ ਹੈ। ਤਸਮਾਨੀਅਨ ਪੁਲਸ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਇਸ ਘਟਨਾ ਨੂੰ ਦਿਲ ਦਹਿਲਾਉਣ ਵਾਲੀ” ਦੱਸਿਆ ਹੈ। ਮੌਰਿਸਨ ਨੇ ਕਿਹਾ ਕਿ ਛੋਟੇ ਬੱਚੇ ਮਜ਼ੇ ਕਰ ਰਹੇ ਸਨ ਅਤੇ ਅਚਾਨਕ ਇਹ ਭਿਆਨਕ ਤ੍ਰਾਸਦੀ ਵਿਚ ਬਦਲ ਗਿਆ। ਇਸ ਘਟਨਾ ਦਿਲ ਨੂੰ ਤੋੜ ਦੇਣ ਵਾਲੀ ਹੈ।