International

ਤਹੱਵੁਰ ਰਾਣਾ ਦੀ ਅਮਰੀਕਾ ਤੋਂ ਹਵਾਲਗੀ ਨਹੀਂ ਹੋ ਸਕੀ

ਨਿਊਯਾਰਕ – ਸ਼ੁੱਕਰਵਾਰ ਨੂੰ ਮੁੰਬਈ ‘ਚ ਹੋਏ ਅੱਤਵਾਦੀ ਹਮਲੇ ਦੇ 13 ਸਾਲ ਪੂਰੇ ਹੋ ਜਾਣਗੇ ਪਰ ਮਾਮਲੇ ਨਾਲ ਜੁੜੇ ਪਾਕਿਸਤਾਨੀ ਮੂਲ ਦੇ ਕੈਨੇਡੀਆਈ ਨਾਗਰਿਕ ਤਹੱਵੁਰ ਰਾਣਾ ਦੀ ਹਵਾਲਗੀ ਦੀ ਉਡੀਕ ਪੂਰੀ ਨਹੀਂ ਹੋਈ ਹੈ। ਇਸ ਤੋਂ ਇਲਾਵਾ ਮਾਮਲੇ ਨਾਲ ਜੁੜੇ ਚਾਰ ਹੋਰਨਾਂ ਲੋਕਾਂ ਦੇ ਵੀ ਪਕੜ ‘ਚ ਆਉਣ ਦੀ ਅਮਰੀਕਾ ਤੇ ਭਾਰਤ ‘ਚ ਉਡੀਕ ਹੋ ਰਹੀ ਹੈ। ਇਨ੍ਹਾਂ ਲੋਕਾਂ ‘ਤੇ ਅਮਰੀਕੀ ਅਦਾਲਤ ‘ਚ ਦੋਸ਼ ਤੈਅ ਹੋ ਚੁੱਕੇ ਹਨ।ਰਾਣਾ ਦੇ ਬਚਪਨ ਦੇ ਦੋਸਤ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਦਾਊਦ ਸਈਦ ਗਿਲਾਨੀ ਉਰਫ਼ ਡੇਵਿਡ ਕੋਲਮਨ ਹੈਡਲੀ ਨੂੰ ਅਮਰੀਕੀ ਅਦਾਲਤ 35 ਸਾਲ ਕੈਦ ਦੀ ਸਜ਼ਾ ਸੁਣਾ ਚੁੱਕੀ ਹੈ। ਸਜ਼ਾ ਦਾ ਇਹ ਐਲਾਨ ਮੁੰਬਈ ਅੱਤਵਾਦੀ ਹਮਲੇ ‘ਚ ਹੈਡਲੀ ਦੇ ਸਹਿਯੋਗ ਕਰਨ ਦਾ ਦੋਸ਼ ਸਾਬਿਤ ਹੋਣ ਤੋਂ ਬਾਅਦ ਹੋਇਆ। ਇਸ ਹਮਲੇ ‘ਚ ਛੇ ਅਮਰੀਕੀ ਨਾਗਰਿਕ ਵੀ ਮਾਰੇ ਗਏ ਸਨ। ਹੈਡਲੀ ਆਪਣੇ ਲਈ ਨਿਰਧਾਰਤ ਉਮਰਕੈਦ ਦੀ ਸਜ਼ਾ ਤੋਂ ਬਚਣ ਲਈ ਵਾਅਦਾਮਾਫ਼ ਗਵਾਹ ਬਣ ਗਿਆ ਸੀ। ਉਸ ਨੇ ਭਾਰਤ ‘ਚ ਚੱਲ ਰਹੇ ਮਾਮਲਿਆਂ ਲਈ ਵੀ ਵਾਅਦਾਮਾਫ਼ ਗਵਾਹ ਬਣਨ ਦੀ ਇੱਛਾ ਪ੍ਰਗਟਾਈ ਸੀ। 2015 ‘ਚ ਮੁੰਬਈ ਦੀ ਸੈਸ਼ਨ ਕੋਰਟ ਨੇ ਉਸ ਨੂੰ ਗਵਾਹ ਦੇ ਰੂਪ ‘ਚ ਪੇਸ਼ ਕੀਤੇ ਜਾਣ ਦੀ ਇਜਾਜ਼ਤ ਦੇ ਦਿੱਤੀ ਸੀ। ਹੈਡਲੀ ਨੇ ਰਾਣਾ ਦੀ ਮਦਦ ਨਾਲ ਭਾਰਤ ਆਉਣ ਲਈ ਬਿਜ਼ਨਸ ਵੀਜ਼ਾ ਹਾਸਲ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਮੁੰਬਈ ਆ ਕੇ ਅੱਤਵਾਦੀ ਹਮਲੇ ਲਈ ਮੌਕੇ-ਹਾਲਾਤ ਦੇਖੇ ਤੇ ਅੱਤਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਨੂੰ ਰਿਪੋਰਟ ਦਿੱਤੀ। ਇਸ ਤੋਂ ਬਾਅਦ 2008 ‘ਚ ਅੱਤਵਾਦੀ ਹਮਲਾ ਹੋਇਆ ਜਿਸ ‘ਚ ਦੇਸ਼ ਵਿਦੇਸ਼ ਦੇ 170 ਤੋਂ ਵੱਧ ਲੋਕ ਮਾਰੇ ਗਏ।ਮੁੰਬਈ ਹਮਲੇ ਦੇ ਸਿਲਸਿਲੇ ‘ਚ ਸ਼ਿਕਾਗੋ ਦੀ ਅਮਰੀਕੀ ਫੈਡਰਲ ਕੋਰਟ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਸਾਜ਼ਿਦ ਮੀਰ ਨੂੰ ਵੀ ਦੋਸ਼ੀ ਬਣਾਇਆ ਹੈ। ਐੱਫਬੀਆਈ ਨੇ ਸਾਜ਼ਿਦ ਨੂੰ ਆਪਣੀ ਮੋਸਟ ਵਾਂਟਿਡ ਲਿਸਟ ‘ਚ ਰੱਖ ਕੇ ਉਸ ‘ਤੇ 50 ਲੱਖ ਡਾਲਰ (ਕਰੀਬ 37 ਕਰੋੜ ਰੁਪਏ) ਦਾ ਇਨਾਮ ਐਲਾਨ ਕੀਤਾ ਹੈ। ਸਾਜ਼ਿਦ ਤੋਂ ਇਲਾਵਾ ਅਦਾਲਤ ਨੇ ਤਿੰਨ ਹੋਰਨਾਂ ਨੂੰ ਵੀ ਮੁੰਬਈ ਹਮਲੇ ਲਈ ਮੁਲਜ਼ਮ ਬਣਾਇਆ ਹੈ। ਇਨ੍ਹਾਂ ਦੇ ਨਾਂ ਮੇਜਰ ਇਕਬਾਲ, ਅਬੂ ਕਾਫਾ ਤੇ ਮਜ਼ਹਰ ਇਕਬਾਲ ਉਰਫ਼ ਅਬੂ ਅਲ-ਕਾਮਾ ਹਨ। ਸਾਜ਼ਿਦ ਮੀਰ ਸਮੇਤ ਸਾਰੇ ਚਾਰ ਮੁਲਜ਼ਮ ਪਾਕਿਸਤਾਨੀ ਨਾਗਰਿਕ ਹਨ ਤੇ ਫਿਲਹਾਲ ਅਮਰੀਕਾ ਦੀ ਪਕੜ ਤੋਂ ਬਾਹਰ ਹਨ। ਸ਼ਿਕਾਗੋ ਦੀ ਅਦਾਲਤ ਨੇ ਮੁੰਬਈ ਹਮਲੇ ‘ਚ ਸਿੱਧੇ ਤੌਰ ‘ਤੇ ਸ਼ਾਮਲ ਹੋਣ ਦੇ ਮੁਲਜ਼ਮ ਤਹੱਵੁਰ ਰਾਣਾ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਡੈੱਨਮਾਰਕ ਦੇ ਇਕ ਅਖ਼ਬਾਰ ‘ਤੇ ਹੋਏ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰਚਨ ਦਾ ਦੋਸ਼ੀ ਪਾਉਂਦੇ ਹੋਏ ਰਾਣਾ ਨੂੰ 2013 ‘ਚ 14 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਸਮੇਂ ਉਹ ਕੋਵਿਡ-19 ਮਹਾਮਾਰੀ ਕਾਰਨ ਮਿਲੀ ਰਾਹਤ ਦਾ ਲਾਭ ਲੈਂਦੇ ਹੋਏ ਜੇਲ੍ਹ ਤੋਂ ਬਾਹਰ ਹੈ।

Related posts

ਭਾਰਤ-ਅਮਰੀਕਾ ਗਲੋਬਲ ਡਰੱਗ ਨੈੱਟਵਰਕਾਂ ਵਿਰੁੱਧ ਕਾਰਵਾਈ ਲਈ ਵਚਨਬੱਧ

admin

2026 ਵਿੱਚ ਡੁਬਈ ਆ ਰਹੇ ਸਭ ਤੋਂ ਰੋਮਾਂਚਕ ਨਵੇਂ ਹੋਟਲ !

admin

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

admin