ਫ਼ਾਜ਼ਿਲਕਾ – ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕੰਡਿਆਲੀ ਤਾਰ ਤੋਂ ਪਾਰ ਕਾਸ਼ਤ ਕਰਦੇ ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਲਈ ਸੀਮਾਂ ਪੱਟੀ ਦੇ ਪਿੰਡਾਂ ’ਚ ਪਹੁੰਚੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਗ੍ਰਹਿ ਨਿਵਾਸ ਤੇ ਪਹੁੰਚੇ ਜਿੱਥੇ ਘੁਬਾਇਆ ਪਰਿਵਾਰ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਭਾਰਤ ਪਾਕਿ ਸਰਹੱਦ ਤੇ ਕੰਡਿਆਲੀ ਤਾਰ ਕੋਲ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2018 ਤੋਂ ਬਾਅਦ ਕੰਡਿਆਲੀ ਤਾਰ ਤੋਂ ਪਾਰ 31 ਹਜ਼ਾਰ ਏਕੜ ‘ਤੇ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਸਾਂਝੇ ਤੌਰ ‘ਤੇ ਦਿੱਤਾ ਜਾਣ ਵਾਲਾ ਮੁਆਵਜਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਾਲਿਸੀ ਅਧੀਨ 50-50 ਪ੍ਰਤੀਸ਼ਤ ਮੁਆਵਜ਼ੇ ਦੀ ਭਾਗੀਦਾਰੀ ਸੂਬਾ ਤੇ ਕੇਂਦਰ ਸਰਕਾਰ ਦੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ
ਕਿਸਾਨਾਂ ਨੂੰ ਮੁਆਵਜ਼ਾ ਮਿਲੇ ਤਾਂ ਇਨ੍ਹਾਂ ਦਾ ਜੀਵਨ ਪੱਧਰ ਪੱਟੜੀ ‘ਤੇ ਆ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸਪਲਾਈ ਮੁੱਦੇ ‘ਤੇ ਆਪ ਸਰਕਾਰ ਤੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਬਿਜਲੀ ਸਪਲਾਈ ਦੇ ਹਾਲਾਤ ਕਾਫੀ ਮਾੜੇ ਹੋ ਚੁੱਕੇ ਹਨ ਅਤੇ ਜਿਸ ਤਰ੍ਹਾਂ ਥਰਮਲ ਪਲਾਂਟ ਬੰਦ ਹੋ ਰਹੇ ਹਨ ਬਿਜਲੀ ਸਪਲਾਈ ਦੇ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ। ਨਵਜੋਤ ਸਿੰਘ ਸਿੱਧੂ ਨੇ ਸਾਫ਼ ਕਿਹਾ ਕਿ ਜਿੰਨੀ ਦੇਰ ਤਕ ਪੰਜਾਬ ’ਚ ਮਾਫ਼ੀਆ ਖਤਮ ਨਹੀਂ ਹੁੰਦਾ ਹੈ ਤੇ ਪੰਜਾਬ ਸਰਕਾਰ ਦੇ ਆਮਦਨ ਦੇ ਸਰੋਤ ਸਰਕਾਰ ਦੇ ਹੱਥ ਨਹੀਂ ਆਉਦੇ ਉਨੀ ਦੇਰ ਤੱਕ ਨਾ ਤਾਂ ਲੋਕਾਂ ਨੂੰ ਸਹੂਲਤਾਂ ਮਿਲ ਸਕਦੀਆਂ ਹਨ ਅਤੇ ਨਾ ਹੀ ਰੁਜ਼ਗਾਰ ਮਿਲ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ’ਚ ਸ਼ਰਾਬ, ਰੇਟ ਤੇ ਟਰਾਂਸਪੋਰਟ ਜੀਐੱਸਟੀ ਤੋਂ ਬਾਹਰ ਹਨ ਤੇ ਜੇਕਰ ਇਨ੍ਹਾਂ ਤੇ ਪੂਰੀ ਪਾਰਦਰਸ਼ਤਾ ਕਰ ਦਿੱਤੀ ਜਾਵੇ ਤਾਂ ਪੰਜਾਬ ਦੇ ਖਜ਼ਾਨੇ ’ਚ ਪੈਸਾ ਆ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੇ ਪੰਜਾਬ ਦੀਆਂ ਜ਼ਮੀਨਾਂ ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ ਉਨ੍ਹਾਂ ਕਬਜ਼ਿਆਂ ਨੂੰ ਛੁਡਾਇਆ ਜਾਵੇ।
ਨਵਜੋਤ ਸਿੰਘ ਸਿੱਧੂ ਨੇ ਕੇਜਰੀਵਾਲ ਨੂੰ ਝੂਠਾ ਕਰਾਰ ਦਿੰਦਿਆਂ ਕਿਹਾ ਕਿ ਜੋ ਅੰਕੜੇ ਅਰਵਿੰਦ ਕੇਜਰੀਵਾਲ ਨੇ ਦਿੱਤੇ ਸਨ ਉਹ ਅੰਕੜੇ ਪੰਜਾਬ ਦੇ ਖਜ਼ਾਨੇ ਨੂੰ ਭਰਨ ਲਈ ਕਿਤੇ ਵੀ ਸਹੀ ਨਹੀਂ ਉਤਰਦੇ ਪਰ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪੱਟੜੀ ‘ਤੇ ਲਿਆਉਣ ਲਈ ਮਾਫੀਆ ਰਾਜ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਪਵੇਗਾ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸਿਰਫ ਹਵਾਈ ਗੱਲਾਂ ਨਾਲ ਪੰਜਾਬ ਨਹੀਂ ਬਦਲ ਸਕਦਾ ਹਰ ਮੁੱਦੇ ਤੇ ਗੰਭੀਰਤਾ ਨਾਲ ਕੰਮ ਕਰਨਾ ਪਵੇਗਾ। ਇਸ ਮੌਕੇ ਕੰਡਿਆਲੀ ਤਾਰ ਤੋਂ ਪਾਰ ਕਾਸ਼ਤ ਕਰਨ ਵਾਲੇ ਕਿਸਾਨਾਂ ਨੇ ਵੀ ਨਵਜੋਤ ਸਿੰਘ ਸਿੱਧੂ ਅੱਗੇ ਆਪਣੀਆਂ ਸਮੱਸਅਿਾਵਾਂ ਨੂੰ ਰੱਖਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ, ਸਾਬਕਾ ਵਿਧਾਇਕ ਦਵਿੰਦਰ ਘੁਬਾਇਆ, ਪੀਏਡੀ ਦੇ ਚੇਅਰਮੈਨ ਸ਼ੰਟੀ ਕਪੂਰ ਤੇ ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਨਾਲ ਫ਼ਾਜ਼ਿਲਕਾ ਦੇ ਕਾਂਗਰਸੀ ਮਿਉਂਸਪਲ ਕੌਂਸਲਰ ਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।