ਭਾਰਤ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ ਪੰਜਾਬ ਦੀ ‘ਆਪ’ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ, ‘ਆਪ ਪਾਰਟੀ ਪੰਜਾਬ ਨੂੰ ਹਰ ਰੋਜ਼ ਗੁੰਮਰਾਹ ਕਰ ਰਹੀ ਹੈ। ਮਜੀਠੀਆ ‘ਤੇ ਪਰਚਾ ਹੋਇਆ ਆਮਦਨ ਤੋਂ ਵੱਧ ਸੰਪਤੀ ਬਣਾਉਣ ਦਾ। ਉਹਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਠੀਕ ਤਰੀਕੇ ਨਾਲ ਹੋਣੀ ਚਾਹੀਦੀ ਹੈ ਪਰ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪ ਪਾਰਟੀ ਕਹਿ ਰਹੀ ਹੈ ਕਿ ਮਜੀਠੀਆ ਨੂੰ ਨਸ਼ਾ ਤਸਕਰੀ ਦੇ ਕੇਸ ਚ ਫੜ੍ਹਿਆ ਗਿਆ ਹੈ। ਦੂਸਰੇ ਨੂੰ ਮੱਗਰਮੱਛ ਕਹਿਣ ਤੋਂ ਪਹਿਲਾਂ ਤੁਸੀਂ ਆਪਣੇ ਕਨਵੀਨਰ ਕੇਜਰੀਵਾਲ ਬਾਰੇ ਵੀ ਪ੍ਰੈਸ ਕਾਨਫਰੰਸ ਕਰੋ ਅਤੇ ਉਨ੍ਹਾਂ ‘ਤੇ ਜਿਹੜੇ ਮੁਕੱਦਮੇ ਚੱਲ ਰਹੇ ਨੇ ਉਹਨਾਂ ਬਾਰੇ ਚਾਨਣਾ ਪਾਉ।’
ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਹੋਰ ਕਿਹਾ ਕਿ, ‘ਅਰਵਿੰਦ ਕੇਜਰੀਵਾਲ ਨੇ 2018 ਵਿੱਚ ਮਜੀਠੀਆ ਤੋਂ ਮਾਫ਼ੀ ਮੰਗ ਲਈ ਸੀ ਅਤੇ ਕਿਹਾ ਸੀ ਕਿ ਉਸਦੇ ਖਿਲਾਫ ਨਸ਼ਾ ਤਸਕਰੀ ਦਾ ਕੋਈ ਸਬੂਤ ਨਹੀਂ ਪਾਇਆ ਗਿਆ। ਫਿਰ ਇਹ ਡਰਾਮੇ ਦੀ ਲੋੜ ਕਿਉਂ। ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਫਲਾਪ ਹੋਣ ਤੋਂ ਬਾਅਦ ਇਹ ਸਾਰਾ ਡਰਾਮਾ ਰਚਿਆ ਗਿਆ ਹੈ। ਆਰੋਪ ਜ਼ਮੀਨ ਜਾਇਦਾਦ ਦਾ ਤੇ ਮਸ਼ਹੂਰੀ ਨਸ਼ਾ ਤਸਕਰ ਫੜ੍ਹਨ ਦੀ। ਤੁਸੀਂ ਮਜੀਠੀਆ ਨੂੰ ਫਸਾਇਆ ਹੈ ਜਾਂ ਓਹਨੂੰ ਬਾਹਰ ਕੱਢਿਆ ਹੈ?’
ਵਰਨਣਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਡਰੱਗ ਮਨੀ ਨਾਲ ਸਬੰਧਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਤੋਂ ਬਾਅਦ ਕੱਲ੍ਹ ਸਖ਼ਤ ਸੁਰੱਖਿਆ ਵਿਚਕਾਰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਨੂੰ 7 ਦਿਨਾਂ ਦੇ ਵਿਜੀਲੈਂਸ ਰਿਮਾਂਡ ’ਤੇ ਭੇਜਿਆ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਜੁਲਾਈ ਨੂੰ ਹੋਵੇਗੀ। ਦੂਜੇ ਪਾਸੇ ਸਾਰੀਆਂ ਰਾਜਨੀਤਿਕ ਪਾਰਟੀਆਂ ਇਸ ਕਾਰਵਾਈ ਨੂੰ ਬਦਲਾਖੋਰੀ ਵਾਲੀ ਕਾਰਵਾਈ ਦੱਸ ਰਹੀਆਂ ਹਨ।