ਹੈਦਰਾਬਾਦ – ਕਾਂਗਰਸ ਨੇਤਾ ਰੇਵੰਤ ਰੈੱਡੀ ਤੇਲੰਗਾਨਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਹੈਦਰਾਬਾਦ ਦੇ ਐੱਲ.ਬੀ. ਸਟੇਡੀਅਮ ’ਚ ਆਯੋਜਿਤ ਪ੍ਰੋਗਰਾਮ ’ਚ ਤੇਲੰਗਾਨਾ ਦੀ ਰਾਜਪਾਲ ਟੀ ਸੌਂਦਰਰਾਜਨ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁੱਕਾਈ। ਇਸ ਪ੍ਰੋਗਰਾਮ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ, ਡਿਪਟੀ ਸੀ.ਐੱਮ. ਡੀ. ਸ਼ਿਵਕੁਮਾਰ ਸਮੇਤ ਤਮਾਮ ਨੇਤਾ ਮੌਜੂਦ ਰਹੇ।
ਰੇਵੰਤ ਰੈੱਡੀ ਪ੍ਰਦੇਸ਼ ਕਾਂਗਰਸ ਦੇ ਪ੍ਰਧਨ ਹਨ। ਉਹ ਤੇਲੰਗਾਨਾ ਦੇ ਦੂਜੇ ਮੁੱਖ ਮੰਤਰੀ ਬਣੇ ਹਨ। 2013 ’ਚ ਤੇਲੰਗਾਨਾ ਦੇ ਗਠਨ ਤੋਂ ਬਾਅਦ ਕਾਂਗਰਸ ਇਥੇ ਪਹਿਲੀ ਵਾਰ ਸੱਤਾ ’ਚ ਆਈ ਹੈ।
ਇੱਥੋਂ ਹੁਣ ਤਕ ਚੇੰਦਰਸ਼ੇਖਰ ਰਾਓ (ਕੇ.ਸੀ.ਆਰ.) ਹੀ ਦੋ ਵਾਰ ਮੁੱਖ ਮੰਤਰੀ ਬਣੇ ਸਨ। ਹਾਲਾਂਕਿ, ਉਹ ਇਸ ਵਾਰ ਹੈਟ੍ਰਿਕ ਲਗਾਉਣ ਤੋਂ ਖੁੰਝ ਗਏ ਹਨ।
56 ਸਾਲ ਦੇ ਰੇਵੰਤ ਰੈੱਡੀ ਨੇ ਐੱਲ.ਬੀ. ਸਟੇਡੀਅਮ ’ਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ’ਚ ਕਰੀਬ ਇਕ ਲੱਖ ਲੋਕ ਸ਼ਾਮਲ ਹੋਏ। ਸਹੁੰ ਚੁੱਕਣ ਤੋਂ ਪਹਿਲਾਂ ਰੇਵੰਤ ਰੈੱਡੀ ਖੁੱਲ੍ਹੀ ਜੀਪ ’ਚ ਸੋਨੀਆ ਗਾਂਧੀ ਨੂੰ ਲੈ ਕੇ ਸਟੇਡੀਅਮ ’ਚ ਪਹੁੰਚੇ।
ਰੇਵੰਤ ਰੈੱਡੀ ਦੀ ਕੈਬਨਿਟ ’ਚ ਕਈ ਮੰਤਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਇਨ੍ਹਾਂ ’ਚ ਭੱਟੀ ਵਿਕਰਮਾਰਕ ਨੂੰ ਡਿਪਟੀ ਸੀ.ਐੱਮ. ਬਣਾਇਆ ਗਿਆ ਹੈ। ਇਸਤੋਂ ਇਲਾਵਾ ਉੱਤਮ ਕੁਮਾਰ ਰੈੱਡੀ, ਸ਼੍ਰੀਧਰ ਬਾਬੂ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸਤੋਂ ਇਲਾਵਾ ਰੇਵੰਤ ਰੈੱਡੀ ਦੀ ਕੈਬਨਿਟ ’ਚ ਸੀਤਾਕਾ, ਪੋਨੰਮ ਪ੍ਰਭਾਕਰ ਦੇ ਨਾਲ-ਨਾਲ ਕੋਂਡਾ ਸੁਰੇਖਾ ਨੇ ਵੀ ਮੰਤਰੀ ਅਹੁਦੇ ਦੀ ਸਹੁੰ ਚੁੱਕੀ।