ਵਾਸ਼ਿੰਗਟਨ – ਵਿਗਿਆਨੀਆਂ ਨੇ ਇਕ ਨਵੇਂ ਅਧਿਐਨ ‘ਚ ਪਾਇਆ ਕਿ ਮਹਾਮਾਰੀ ਦੇ ਸ਼ੁਰੂਆਤੀ ਮਹੀਨਿਆਂ ‘ਚ ਕੋਰੋਨਾ ਇਨਫੈਕਟਿਡ ਕੁਝ ਲੋਕਾਂ ਨੇ ਵਾਇਰਸ ਨਾਲ ਮੁਕਾਬਲੇ ਦੌਰਾਨ ਤੇ ਉਸ ਤੋਂ ਬਾਅਦ ਹੱਥਾਂ ਤੇ ਪੈਰਾਂ ‘ਚ ਤੰਤਰਿਕਾ ਸਬੰਧੀ ਬਿਮਾਰੀਆਂ, ਦਰਦ, ਝੁਨਝੁਨੀ ਤੇ ਅੰਗਾਂ ਦੇ ਸੁੰਨ ਹੋਣ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕੀਤਾ। ‘ਪੈਨ’ ਨਾਂ ਦੇ ਮੈਗਜ਼ੀਨ ‘ਚ ਛਪੇ ਇਸ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ‘ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ, ਉਨ੍ਹਾਂ ਦੇ ਹੱਥਾਂ ਤੇ ਪੈਰਾਂ ‘ਚ ਦਰਦ, ਸੁੰਨਤਾ ਤੇ ਝੁਨਝੁਨੀ ਦਾ ਖ਼ਦਸ਼ਾ ਸਾਧਾਰਨ ਲੋਕਾਂ ਤੋਂ ਲਗਪਗ ਤਿੰਨ ਗੁਣਾ ਜ਼ਿਆਦਾ ਸੀ। ਵਾਸ਼ਿੰਗਟਨ ਯੂਨੀਵਰਸਿਟੀ ਨਾਲ ਜੁੜੇ ਅਧਿਐਨ ਦੇ ਸਹਿ ਲੇਖਕ ਸਾਈਮਨ ਹਾਰੌਟੋਨੀਅਨ ਨੇ ਕਿਹਾ, ‘ਕਈ ਵਾਇਰਲ ਇਨਫੈਕਸ਼ਨ ਜਿਵੇਂ, ਐੱਚਆਈਵੀ ਤੇ ਦਾਦ ਤੇ ਪੈਰੀਫੇਰਲ ਨਿਊਰੋਪੈਥੀ ਨਾਲ ਜੁੜੇ ਹੁੰਦੇ ਹਨ। ਅਸੀਂ ਦੇਖਿਆ ਕਿ ਕੋਵਿਡ-19 ਇਨਫੈਕਟਿਡ ਕਰੀਬ 30 ਫ਼ੀਸਦੀ ਮਰੀਜ਼ਾਂ ਨੇ ਇਲਾਜ ਦੌਰਾਨ ਤੰਤਰਿਕਾ ਸਬੰਧੀ ਪਰੇਸ਼ਾਨੀਆਂ ਦੀ ਸੂਚਨਾ ਦਿੱਤੀ। ਇਨ੍ਹਾਂ ‘ਚ ਛੇ ਤੋਂ ਸੱਤ ਫ਼ੀਸਦੀ ਲੋਕਾਂ ‘ਚ ਇਹ ਲੱਛਣ ਦੋ ਹਫ਼ਤਿਆਂ ਤੋਂ ਤਿੰਨ ਮਹੀਨਿਆਂ ਤਕ ਬਣੇ ਰਹੇ। ਇਹ ਦੱਸਦਾ ਹੈ ਕਿ ਵਾਇਰਸ ਬਾਹਰੀ ਤੰਤਰਿਕਾਵਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।’ ਪੈਰੀਫੇਰਲ ਨਿਊਰੋਪੈਥੀ ‘ਚ ਦਿਮਾਗ਼ ਤੇ ਸਪਾਈਨਲ ਕੋਡ ਦੀ ਬਾਹਰੀ ਤੰਤਰਿਕਾਵਾਂ ਬਰਬਾਦ ਹੋ ਜਾਂਦੀਆਂ ਹਨ, ਜਿਸ ਕਾਰਨ ਮਰੀਜ਼ ਨੂੰ ਕਮਜ਼ੋਰੀ ਤੇ ਦਰਦ ਆਦਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟੀਮ ਨੇ ਅਧਿਐਨ ‘ਚ 16 ਮਾਰਚ, 2020 ਤੋਂ 12 ਜਨਵਰੀ, 2021 ਤਕ ਕੋਰੋਨਾ ਪੀੜਤ ਪਾਏ ਗਏ ਲੋਕਾਂ ਨੂੰ ਸ਼ਾਮਲ ਕੀਤਾ।