Punjab

“ਥਾਰ ਵਾਲੀ ਕਾਂਸਟੇਬਲ” ਅਮਨਦੀਪ ਕੌਰ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਕੀਤੇ ਤੈਅ

“ਥਾਰ ਵਾਲੀ ਕਾਂਸਟੇਬਲ” ਵਜੋਂ ਮਸ਼ਹੂਰ ਹੋਈ ਅਮਨਦੀਪ ਕੌਰ ਖਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕੀਤੇ ਗਏ ਹਨ।

ਬਠਿੰਡਾ – ਬਠਿੰਡਾ ਦੀ ਸੈਸ਼ਨ ਅਦਾਲਤ ਨੇ ਮੰਗਲਵਾਰ ਨੂੰ ਪੰਜਾਬ ਪੁਲਿਸ ਦੀ ਬਰਖ਼ਾਸਤ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕੀਤੇ ਹਨ। ਕੇਸ ਦੀ ਸੁਣਵਾਈ ਤੋਂ ਬਾਅਦ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਰਿੰਦਰ ਪਾਲ ਕੌਰ ਨੇ ਅਗਲੀ ਤਾਰੀਖ 21 ਜਨਵਰੀ ਤੈਅ ਕੀਤੀ, ਜਿਸ ਦੌਰਾਨ ਵਿਜੀਲੈਂਸ ਬਿਊਰੋ ਵੱਲੋਂ ਅਮਨਦੀਪ ਖ਼ਿਲਾਫ਼ ਸਬੂਤ ਪੇਸ਼ ਕੀਤੇ ਜਾਣਗੇ। ਵਿਸਥਾਰਪੂਰਣ ਹੁਕਮ ਹਾਲੇ ਆਉਣਾ ਬਾਕੀ ਹੈ। 14 ਨਵੰਬਰ ਨੂੰ ਵਿਜੀਲੈਂਸ ਨੇ ਅਮਨਦੀਪ ਕੌਰ ਖ਼ਿਲਾਫ਼ ਦੂਜੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਨਾਲ ਉਸਦੇ ‘ਬੇਅਨੁਪਾਤਿਕ ਸੰਪਤੀ’ ਕੇਸ ਦੀ ਮੁਕੱਦਮੇਬਾਜ਼ੀ ਦਾ ਰਾਹ ਸਾਫ਼ ਹੋ ਗਿਆ।

ਅਮਨਦੀਪ ਕੌਰ ਦੇ ਨਾਲ ਚਿੱਟੇ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਬਲਵਿੰਦਰ ਸਿੰਘ ਦੀ ਘਰਵਾਲੀ ਗੁਰਮੀਤ ਕੌਰ ਨੇ ਮੰਗਲਵਾਰ ਨੂੰ ਐਸਐਸਪੀ ਦਫਤਰ ਪਹੁੰਚ ਕੇ ਮੁੜ ਅਮਨਦੀਪ ਅਤੇ ਬਲਵਿੰਦਰ ਸਿੰਘ ਦੇ ਰਿਸ਼ਤੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਸਨ। ਐਸਐਸਪੀ ਦਫਤਰ ਪਹੁੰਚੀ ਗੁਰਮੀਤ ਕੌਰ ਨੇ ਕਿਹਾ ਕਿ ਉਸ ਦੇ ਪਤੀ ਬਲਵਿੰਦਰ ਸਿੰਘ ਜਿਸ ਨਾਲ ਉਸ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਨਾਲ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੇ ਇੱਕ ਦਸੰਬਰ 2025 ਨੂੰ ਬਠਿੰਡਾ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਵਿਆਹ ਕਰਵਾ ਲਿਆ ਹੈ। ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪਿਛਲੇ ਦਿਨੀਂ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਜ਼ਮਾਨਤ ਮਿਲੀ ਸੀ। ਜਿਸ ਵੱਲੋਂ 1 ਦਸੰਬਰ ਨੂੰ ਬਠਿੰਡਾ ਦੇ ਧੋਬੀਆਣਾ ਬਸਤੀ ਵਿੱਚ ਸਥਿਤ ਗੁਰਦੁਆਰਾ ਲਾਲ ਸਿੰਘ ਵਿੱਚ ਜਾ ਕੇ ਬਲਵਿੰਦਰ ਸਿੰਘ ਨਾਲ ਵਿਆਹ ਕਰਵਾ ਲਿਆ ਗਿਆ। ਗੁਰਮੀਤ ਕੌਰ ਨੇ ਕਿਹਾ ਕਿ ਬਲਵਿੰਦਰ ਸਿੰਘ ਵੱਲੋਂ ਜੋ ਹਲਫੀਆ ਬਿਆਨ ਦਿੱਤਾ ਗਿਆ ਹੈ, ਉਹ ਸਰਾਸਰ ਗਲਤ ਹੈ ਅਤੇ ਗਲਤ ਦਸਤਾਵੇਜ਼ ਦੇ ਅਧਾਰ ਉਤੇ ਅਮਨਦੀਪ ਕੌਰ ਅਤੇ ਬਲਵਿੰਦਰ ਸਿੰਘ ਨੇ ਵਿਆਹ ਕਰਵਾਇਆ ਹੈ।

ਵਰਨਣਯੋਗ ਹੈ ਕਿ ਸੋਸ਼ਲ ਮੀਡੀਆ ‘ਤੇ ਆਪਣੀ ਸ਼ਾਨਦਾਰ ਜ਼ਿੰਦਗੀ ਦਿਖਾਉਣ ਕਰਕੇ ਅਮਨਦੀਪ ਨੂੰ “ਥਾਰ ਵਾਲੀ ਕਾਂਸਟੇਬਲ” ਅਤੇ “ਇੰਸਟਾਗ੍ਰਾਮ ਕ੍ਰਾਣੀ” ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਨੂੰ ਇਸ ਸਾਲ 2 ਅਪਰੈਲ ਨੂੰ ਬਠਿੰਡਾ ਪੁਲਿਸ ਵੱਲੋਂ ਬਦਲ ਰੋਡ ‘ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਉਸਦੀ ਗੱਡੀ ਵਿੱਚੋਂ 17.71 ਗ੍ਰਾਮ ਹੈਰੋਇਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਸਨੂੰ 3 ਅਪਰੈਲ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਬਾਅਦ ਵਿੱਚ 26 ਮਈ ਨੂੰ ਵਿਜੀਲੈਂਸ ਨੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਨੂੰਨ ਹੇਠ ਕੇਸ ਦਰਜ ਕੀਤਾ ਸੀ। ਵਿਜੀਲੈਂਸ ਦੀ ਜਾਂਚ ਦੌਰਾਨ ਉਸਦੀ ਚਲ-ਅਚਲ ਸੰਪਤੀ, ਤਨਖ਼ਾਹ ਰਿਕਾਰਡ, ਬੈਂਕ ਖਾਤਿਆਂ ਅਤੇ ਕਰਜ਼ਿਆਂ ਦੀ ਜਾਂਚ ਕੀਤੀ ਗਈ।

Related posts

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ

admin

ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਨੂੰ ਦਿੱਤਾ ਵੱਡਾ ਝਟਕਾ

admin

ਸੰਘਰਸ਼ ਕਮੇਟੀ ਤਲਵੰਡੀ ਸਾਬੋ ਮੋਰਚਾ ਵੱਲੋਂ ਬੀ.ਡੀ.ਪੀ.ਓ.ਝੁਨੀਰ ਨੂੰ ਮੰਗ ਪੱਤਰ

admin