ਨਵੀਂ ਦਿੱਲੀ – ਹਵਾ ਪ੍ਰਦੂਸ਼ਣ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਤੇ ਐਨਸੀਆਰ ਵਿਚ ਧੁੰਦ ਛਾਈ ਹੋਈ ਹੈ। ਸ਼ਨਿਚਰਵਾਰ ਨੂੰ ਦਿੱਲੀ ਦੀ ਹਵਾ ਦਾ ਔਸਤ ਏਅਰ ਕੁਆਲਿਟੀ ਇੰਡੈਕਸ (AQI) 499 ਦਰਜ ਕੀਤਾ ਗਿਆ, ਜੋ ਕਿ ਗੰਭੀਰ ਸ਼੍ਰੇਣੀ ਵਿਚ ਹੈ। ਦਿੱਲੀ ਦੇ ਇਤਿਹਾਸਕ ਸਮਾਰਕ ਲਾਲ ਕਿਲ੍ਹੇ ਤੇ ਜਾਮਾ ਮਸਜਿਦ ਤੇ ਹੋਰ ਕਈ ਮਹੱਤਵਪੂਰਨ ਇਮਾਰਤਾਂ ਧੁੰਦ ਵਿਚ ਭਿੱਜੀਆਂ ਹੋਈਆਂ ਸਨ। ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਵੀ ਠੰਢ ਨੇ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਸੂਬਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਓਡੀਸ਼ਾ ਤੇ ਆਂਧਰਾ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਅਗਲੇ ਹਫ਼ਤੇ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਦੇ ਅਨੁਸਾਰ ਸ਼ਨਿਚਰਵਾਰ ਨੂੰ ਦੱਖਣੀ ਅੰਡੇਮਾਨ ਸਾਗਰ ਤੇ ਨਾਲ ਲੱਗਦੇ ਥਾਈਲੈਂਡ ਦੇ ਤੱਟ ‘ਤੇ ਇਕ ਤਾਜ਼ਾ ਘੱਟ ਦਬਾਅ ਵਾਲਾ ਖੇਤਰ (ਲੋਪਰ) ਬਣ ਗਿਆ ਹੈ, ਜੋ ਹੋਰ ਡੂੰਘੇ ਦਬਾਅ ਵਿਚ ਬਦਲ ਸਕਦਾ ਹੈ।ਹਵਾਵਾਂ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਹਨ ਭਾਰਤੀ ਮੌਸਮ ਵਿਭਾਗ ਦੇ ਤਾਜ਼ਾ ਬੁਲੇਟਿਨ ਅਨੁਸਾਰ ਸੋਮਵਾਰ ਤਕ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ। ਬੁੱਧਵਾਰ ਨੂੰ ਦੱਖਣ-ਤੱਟੀ ਓਡੀਸ਼ਾ ਦੇ ਗੰਜਮ ਅਤੇ ਗਜਪਤੀ ‘ਚ ਮੀਂਹ ਦੀ ਸੰਭਾਵਨਾ ਹੈ। ਇਸ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੱਟਵਰਤੀ ਆਂਧਰਾ ਪ੍ਰਦੇਸ਼ ‘ਚ ਜ਼ਿਆਦਾਤਰ ਥਾਵਾਂ ‘ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਕਈ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਪੈ ਸਕਦਾ ਹੈ। ਬੁੱਧਵਾਰ ਤੋਂ ਆਂਧਰਾ ਪ੍ਰਦੇਸ਼ ਅਤੇ ਦੱਖਣੀ ਓਡੀਸ਼ਾ ਦੇ ਤੱਟਾਂ ‘ਤੇ 65 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਆਉਣ ਦੀ ਸੰਭਾਵਨਾ ਹੈ।ਮੌਸਮ ਵਿਭਾਗ ਨੇ ਮਛੇਰਿਆਂ ਨੂੰ ਸੋਮਵਾਰ ਤਕ ਅੰਡੇਮਾਨ ਸਾਗਰ ਤੇ ਦੱਖਣ-ਪੂਰਬੀ ਬੰਗਾਲ ਦੀ ਖਾੜੀ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ ਕਿਉਂਕਿ ਸਮੁੰਦਰ ਦੀ ਸਥਿਤੀ ਬਹੁਤ ਖਰਾਬ ਹੋ ਸਕਦੀ ਹੈ। ਮੀਂਹ ਦੀ ਚਿਤਾਵਨੀ ਦੇ ਕਾਰਨ, ਮਛੇਰਿਆਂ ਨੂੰ ਬੁੱਧਵਾਰ ਤੇ ਵੀਰਵਾਰ ਨੂੰ ਆਂਧਰਾ ਪ੍ਰਦੇਸ਼ ਤੇ ਦੱਖਣੀ ਓਡੀਸ਼ਾ ਤੱਟਾਂ ਤੋਂ ਦੂਰ ਰਹਿਣ ਲਈ ਕਿਹਾ ਗਿਆ ਹੈ।