ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਾਲ ਕਿਲੇ ’ਤੇ 20 ਅਤੇ 21 ਅਪ੍ਰੈਲ ਨੁੰ ਹੋਣ ਵਾਲੇ ਸਮਾਗਮਾਂ ਲਈ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ।
ਇਸ ਬਾਰੇ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਇਹ ਕਮੇਟੀ ਭਾਰਤ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਹਨਾਂ ਦੋ ਰੋਜ਼ਾ ਪ੍ਰੋਗਰਾਮਾਂ ਲਈ ਹਰ ਤਰੀਕੇ ਦੇ ਕੰਮ ਨੂੰ ਨਜਿੱਠੇਗੀ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਹਨਾਂ ਸ਼ਾਨਦਾਰ ਸਮਾਗਮਾਂ ਵਾਸਤੇ ਭਾਰਤ ਸਰਕਾਰ ਨੁੰ ਹਰ ਲੋੜੀਂਦਾ ਸਹਿਯੋਗ ਦੇਵੇਗੀ। ਉਹਨਾਂ ਦੱਸਿਆ ਕਿ ਇਹ ਫੈਸਲੇ ਅੱਜ ਹੋਈ ਦਿੱਲੀ ਗੁਰਦੁਆਰਾ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿਚ ਲਏ ਗਏ।
ਇਸ 5 ਮੈਂਬਰੀ ਕਮੇਟੀ ਵਿਚ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਕੇ ਪੀ, ਆਤਮਾ ਸਿੰਘ ਲੁਬਾਣਾ ਜੂਨੀਅਰ ਮੀਤ ਪ੍ਰਧਾਨ, ਜਸਮੇਨ ਸਿੰਘ ਨੋਨੀ ਜੁਆਇੰਟ ਸਕੱਤਰ ਅਤੇ ਗੁਰਮੀਤ ਸਿੰਘ ਭਾਟੀਆ ਕਾਰਜਕਾਰਨੀ ਮੈਂਬਰ ਅਤੇ ਚਾਰਟਡ ਅਕਾਉਟੈਂਟ ਗੁਰਮੀਤ ਸਿੰਘ ਭਾਟੀਆ ਸ਼ਾਮਲ ਹਨ। ਇਸ ਕਮੇਟੀ ਨੂੰ ਡੀ ਜੀ ਐਮ ਅਕਾਉਟਸ ਸੁਖਵਿੰਦਰ ਸਹਿਯੋਗ ਦੇਣਗੇ।
ਇਥੇ ਦੱਸਣਯੋਗ ਹੈ ਕਿ ਭਾਰਤ ਸਰਕਾਰ ਲਾਲ ਕਿਲੇ ’ਤੇ 20 ਅਤੇ 21 ਅਪ੍ਰੈਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿਚ ਦੋ ਰੋਜ਼ਾ ਸਮਾਗਮ ਕਰਵਾ ਰਹੀ ਹੈ। ਪਹਿਲੇ ਦਿਨ 20 ਅਪ੍ਰੈਲ ਨੁੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਦੂਜੇ ਦਿਨ 21 ਅਪ੍ਰੈਲ ਨੁੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮਾਗਮ ਵਿਚ ਹਾਜ਼ਰੀ ਭਰਨਗੇ।
ਉਹਨਾਂ ਦੱਸਿਆ ਕਿ ਸਮਾਗਮ ਦੇ ਪਹਿਲੇ ਦਿਨ 400 ਬੱਚੇ ਕੀਰਤਨ ਕਰਨਗੇ ਤੇ ਇਕ ਲੇਜ਼ਰ ਸ਼ੋਅ ਹਵੇਗਾ। ਦੂਜੇ ਦਿਨ 21 ਅਪ੍ਰੈਲ ਨੁੰ 400 ਰਾਗੀ ਜੱਥੇ ਇਕੱਠਿਆਂ ਕੀਰਤਨ ਕਰਨਗੇ ਅਤੇ ਸਮਾਗਮ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ। ਉਹਨਾਂ ਦੱਸਿਆ ਕਿ ਦੋ ਰੋਜ਼ਾ ਪੋ੍ਰਗਰਾਮ ਦੌਰਾਨ ਮਿਊਜ਼ੀਅਮ ਤੇ ਪ੍ਰਦਰਸ਼ਨੀ ਵੀ ਲੱਗੇਗੀ ਤੇ ਗੁਰੂ ਸਾਹਿਬ ਨਾਲ ਸਬੰਧਤ ਵਸਤਾਂ ਦੇ ਸੰਗਤਾਂ ਨੁੰ ਦਰਸ਼ਨ ਕਰਵਾਏ ਜਾਣਗੇ। ਉਹਨਾਂ ਕਿਹਾ ਕਿ ਇਹ ਇਕ ਯਾਦਗਾਰੀ ਸਮਾਗਮ ਹੋਵੇਗਾ ਜੋ ਸੰਗਤਾਂ ਵਰਿਆਂ ਤੱਕ ਯਾਦ ਰੱਖਣਗੀਆਂ।