Bollywood

ਦਿੱਲੀ ਤੋਂ ਗਈ ਐੱਸਆਈਟੀ ਨੇ ਸ਼ੁਰੂ ਕੀਤੀ ਆਰੀਅਨ ਮਾਮਲੇ ਦੀ ਜਾਂਚ

ਮੁੰਬਈ – ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਦੀ ਵਿਸ਼ੇਸ਼ ਜਾਂਚ ਟੀਮ ਨੇ ਸ਼ਨਿਚਰਵਾਰ ਨੂੰ ਮੁੰਬਈ ਪਹੁੰਚ ਕੇ ਆਰੀਅਨ ਖ਼ਾਨ ਨਾਲ ਜੁੜੇ ਕਰੂਜ਼ ਡਰੱਗਜ਼ ਮਾਮਲੇ ਸਮੇਤ ਅੱਧਾ ਦਰਜਨ ਮਾਮਲਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਮਾਮਲਿਆਂ ਦੀ ਜਾਂਚ ਸ਼ੁੱਕਰਵਾਰ ਨੂੰ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਸਮੀਰ ਵਾਨਖੇੜੇ ਤੋਂ ਵਾਪਸ ਲਈ ਗਈ ਸੀ।ਵਿਭਾਗੀ ਸੂਤਰਾਂ ਨੇ ਕਿਹਾ ਕਿ ਦਿੱਲੀ ਤੋਂ ਆਈ ਇਸ ਵਿਸ਼ੇਸ਼ ਟੀਮ (ਐੱਸਆਈਟੀ) ਨੇ ਦੁਪਹਿਰ ਬਾਅਦ ਐੱਨਸੀਬੀ ਦੇ ਜ਼ੋਨਲ ਦਫਤਰ ਜਾ ਕੇ ਇਨ੍ਹਾਂ ਮਾਮਲਿਆਂ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਲਈ। ਜਾਂਚ ਟੀਮ ਦੀ ਅਗਵਾਈ ਐੱਨਸੀਬੀ ਹੈੱਡਕੁਆਰਟਰ ’ਚ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਤੇ ਸੀਨੀਅਰ ਆਈਪੀਐੱਸ ਅਧਿਕਾਰੀ ਸੰਜੇ ਸਿੰਘ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਕੁਝ ਮਾਮਲਿਆਂ ਨੂੰ ਹੱਥ ਵਿਚ ਲੈ ਕੇ ਉਨ੍ਹਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਉਹ ਇਨ੍ਹਾਂ ਮਾਮਲਿਆਂ ਦੀ ਨਵੇਂ ਸਿਰੇ ਤੋਂ ਜਾਂਚ ਕਰਨਗੇ, ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਇਨ੍ਹਾਂ ਮਾਮਲਿਆਂ ਦਾ ਕੇਸ ਰਿਕਾਰਡ ਦੇਖਾਂਗਾ, ਇਸਦੇ ਬਾਅਦ ਤੈਅ ਕਰਾਂਗਾ। ਫਿਲਹਾਲ ਇਨ੍ਹਾਂ ਮਾਮਲਿਆਂ ’ਚ ਅੱਗੇ ਦੀ ਜਾਂਚ ਜਾਰੀ ਰਹੇਗੀ।ਜ਼ਿਕਰਯੋਗ ਹੈ ਕਿ ਐੱਨਸੀਬੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਵਿਸ਼ੇਸ਼ ਜਾਂਚ ਟੀਮ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਫੈਲੇ ਛੇ ਮਾਮਲਿਆਂ ਦੀ ਡੂੰਘਾਈ ਨਾਲ ਜਾਂਚ ਕਰੇਗੀ। ਇਹ ਟੀਮ ਇਨ੍ਹਾਂ ਮਾਮਲਿਆਂ ’ਚ ਅੱਗੇ-ਪਿੱਛੇ ਦੀਆਂ ਸਾਰੀਆਂ ਕੜੀਆਂ ਦੀ ਪੜਤਾਲ ਕਰੇਗੀ।ਹਾਲੇ ਤਕ ਇਨ੍ਹਾਂ ਮਾਮਲਿਆਂ ਦੀ ਜਾਂਚ ਨਾਲ ਜੁੜੇ ਸਮੀਰ ਵਾਨਖੇੜੇ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਹ ਹੁਣ ਇਨ੍ਹਾਂ ਮਾਮਲਿਆਂ ਦੀ ਜਾਂਚ ’ਚ ਸ਼ਾਮਲ ਨਹੀਂ ਰਹਿਣਗੇ ਪਰ ਜ਼ੋਨਲ ਡਾਇਰੈਕਟਰ ਦੀ ਹੈਸੀਅਤ ਨਾਲ ਉਹ ਇਨ੍ਹਾਂ ਦੀ ਨਿਗਰਾਨੀ ਕਰਨਗੇ। ਮੁੰਬਈ ਦਫਤਰ ’ਚ ਉਨ੍ਹਾਂ ਦੀ ਭੂਮਿਕਾ ਉਸੇ ਤਰ੍ਹਾਂ ਰਹੇਗੀ।ਇਸ ਦੌਰਾਨ ਐੱਨਸੀਪੀ ਦੇ ਆਗੂ ਨਵਾਬ ਮਲਿਕ ਨੇ ਕਿਹਾ ਕਿ ਇਸ ਜਾਂਚ ’ਚ ਕਈ ਦੱਬੇ ਮੁਰਦੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮੈਂ ਆਰੀਅਨ ਖ਼ਾਨ ਦੇ ‘ਅਗਵਾ’ ਦੇ ਮਾਮਲੇ ’ਚ ਸਮੀਰ ਦਾਊਦ ਵਾਨਖੇੜੇ ਖ਼ਿਲਾਫ਼ ਐੱਸਆਈਟੀ ਜਾਂਚ ਦੀ ਮੰਗ ਕੀਤੀ ਸੀ। ਇਸ ਮਾਮਲੇ ’ਚ ਸੂਬਾ ਤੇ ਕੇਂਦਰ ਸਰਕਾਰ ਦੋਵੇਂ ਐੱਸਆਈਟੀ ਜਾਂਚ ਕਰਵਾ ਰਹੀਆਂ ਹਨ। ਹੁਣ ਦੇਖਣਾ ਹੈ ਕਿ ਕਿਹੜੀ ਟੀਮ ਵਾਨਖੇੜੇ ਤੇ ਉਨ੍ਹਾਂ ਦੇ ਗੁਰਗਿਆਂ ਦੇ ਕਾਰਨਾਮਿਆਂ ਤੋਂ ਪਰਦਾ ਹਟਾ ਸਕਦੀ ਹੈ।

Related posts

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਦਿਲਜੀਤ ਨੂੰ ‘ਬਾਰਡਰ 2’ ਤੋਂ ਕਿਉਂ ਨਹੀਂ ਹਟਾਇਆ ਤੇ ਪਾਬੰਦੀ ਬਰਕਰਾਰ ਕਿਉਂ ?

admin

ਦਿਲਜੀਤ ਸਦਭਾਵਨਾ ਪੈਦਾ ਕਰਕੇ ਪੰਜਾਬ ਦੀ ਜਵਾਨੀ ਲਈ ਰਾਹ ਦਸੇਰਾ ਬਣਿਆ !

admin