ਨਵੀਂ ਦਿੱਲੀ – ਦਿੱਲੀ ਦਾ ਅਗਲਾ ਮੁੱਖ ਮੰਤਰੀ 20 ਫ਼ਰਵਰੀ ਨੂੰ ਰਾਮਲੀਲਾ ਮੈਦਾਨ ’ਚ ਹਲਫ਼ ਲੈ ਸਕਦਾ ਹੈ। ਸਹੁੰ ਚੁਕ ਸਮਾਗਮ 20 ਫ਼ਰਵਰੀ ਨੂੰ ਸ਼ਾਮ 4:30 ਵਜੇ ਹੋਣ ਦੀ ਉਮੀਦ ਹੈ ਜਿਸ ’ਚ ਪ੍ਰਮੁੱਖ ਭਾਜਪਾ ਆਗੂਆਂ ਸਮੇਤ ਪਾਰਟੀ ਦੇ ਸੂਬਿਆਂ ਦੇ ਮੁੱਖ ਮੰਤਰੀ ਹਾਜ਼ਰ ਰਹਿਣਗੇ। ਭਾਜਪਾ ਵਿਧਾਇਕ ਦਲ ਦੀ ਬੈਠਕ ਨੂੰ ਹੁਣ ਬੁਧਵਾਰ ਤਕ ਮੁਅੱਤਲ ਕਰ ਦਿਤਾ ਗਿਆ ਹੈ, ਜਦੋਂ ਪਾਰਟੀ ਮੁੱਖ ਮੰਤਰੀ ਦੇ ਅਹੁਦੇ ਲਈ ਨਾਂ ਦਾ ਐਲਾਨ ਕਰੇਗੀ। ਇਸ ਬੈਠਕ ’ਚ ਹੀ ਸਹੁੰ ਚੁਕ ਸਮਾਗਮ ਦੇ ਵੇਰਵੇ ਬਾਰੇ ਗੱਲਬਾਤ ਕੀਤੀ ਜਾਵੇਗੀ।
ਸੀਨੀਅਰ ‘ਆਪ’ ਆਗੂ ਅਤੇ ਦਿੱਲੀ ਦੀ ਕਾਰਜਕਾਰੀ ਮੁੱਖ ਮੰਤਰੀ ਆਤਿਸ਼ੀ ਨੇ ਭਾਜਪਾ ’ਤੇ ਦੋਸ਼ ਲਾਇਆ ਕਿ ਉਸ ਕੋਲ ਰਾਸ਼ਟਰ ਰਾਜਧਾਨੀ ’ਚ ਸਰਕਾਰ ਚਲਾਉਣ ਲਈ ਕੋਈ ਭਰੋਸੇਯੋਗ ਆਗੂ ਨਹੀਂ ਹੈ। ਉਨ੍ਹਾਂ ਕਿਹਾ, ‘‘ਦਸ ਦਿਨ ਹੋ ਗਏ ਹਨ ਨਤੀਜੇ ਐਲਾਨ ਕੀਤੇ ਨੂੰ। ਲੋਕਾਂ ਨੇ ਸੋਚਿਆ ਸੀ ਕਿ ਭਾਜਪਾ 9 ਫ਼ਰਵਰੀ ਨੂੰ ਹੀ ਮੁੱਖ ਮੰਤਰੀ ਅਤੇ ਕੈਬਨਿਟ ਦਾ ਐਲਾਨ ਕਰ ਕੇ ਵਿਕਾਸ ਕਾਰਜ ਸ਼ੁਰੂ ਕਰ ਦੇਵੇਗੀ। ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਉਨ੍ਹਾਂ ਕੋਲ ਦਿੱਲੀ ’ਚ ਸਰਕਾਰ ਚਲਾਉਣ ਲਈ ਕੋਈ ਚਿਹਰਾ ਨਹੀਂ ਹੈ।’’
ਭਾਜਪਾ ਵਲੋਂ ਮੁੱਖ ਮੰਤਰੀ ਦਾ ਨਾਂ ਐਲਾਨੇ ਜਾਣ ’ਤੇ ਨਿਸ਼ਾਨਾ ਵਿੰਨ੍ਹਦਿਆਂ ਪਾਰਟੀ ਆਗੂ ਗੋਪਾਲ ਰਾਏ ਨੇ ਕਿਆਸ ਲਗਾਇਆ ਕਿ ਦਿੱਲੀ ’ਚ ਇਕ ਵਾਰੀ ਫਿਰ ਅਗਲੇ ਪੰਜ ਸਾਲਾਂ ਦੌਰਾਨ ਤਿੰਨ ਵੱਖੋ-ਵੱਖ ਮੁੱਖ ਮੰਤਰੀ ਵੇਖੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਚੋਣ ਨਤੀਜਿਆਂ ਦੇ ਐਲਾਨ ਤੋਂ ਏਨੇ ਦਿਨ ਬਾਅਦ ਵੀ ਮੁੱਖ ਮੰਤਰੀ ਦਾ ਨਾਂ ਨਹੀਂ ਐਲਾਨਿਆ ਜਾਣਾ ਇਹ ਦਸਦਾ ਹੈ ਕਿ ਪਾਰਟੀ ’ਚ ਅੰਦਰੂਨੀ ਕਲੇਸ਼ ਹੈ।
ਦਿੱਲੀ ’ਚ ਭਾਜਪਾ ਨੇ 26 ਸਾਲ ਬਾਅਦ ਉਦੋਂ ਸੱਤਾ ਪ੍ਰਾਪਤ ਕੀਤੀ ਹੈ ਜਦੋਂ 8 ਫ਼ਰਵਰੀ ਨੂੰ ਐਲਾਨ ਕੀਤੇ ਨਤੀਜਿਆਂ ’ਚ ਉਸ ਨੇ ਵਿਧਾਨ ਸਭਾ ਦੀਆਂ 70 ਸੀਟਾਂ ’ਚੋਂ 48 ਜਿੱਤ ਲਈਆਂ ਸਨ। 22 ਆਮ ਆਦਮੀ ਪਾਰਟੀ (ਆਪ) ਨੇ ਜਿੱਤੀਆਂ ਸਨ।