ਨਵੀਂ ਦਿੱਲੀ – ਦਿੱਲੀ ਸਰਕਾਰ ਦੀ ਕੈਬਨਿਟ ’ਚ ਇਕ ਵਾਰ ਫਿਰ ਫੇਰਬਦਲ ਕੀਤਾ ਗਿਆ ਹੈ। ਮੰਤਰੀ ਕੈਲਾਸ਼ ਗਹਿਲੋਤ ਤੋਂ ਸ਼ੁੱਕਰਵਾਰ ਨੂੰ ਕਾਨੂੰਨ ਅਤੇ ਨਿਆਂ ਵਿਭਾਗ ਵਾਪਸ ਲੈ ਲਿਆ ਗਿਆ। ਕਾਨੂੰਨ ਵਿਭਾਗ ਦਾ ਚਾਰਜ ਆਤਿਸ਼ੀ ਨੂੰ ਸੌਂਪਿਆ ਗਿਆ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਸ ਤੋਂ ਇਕ ਦਿਨ ਪਹਿਲਾਂ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸ਼ਹਿਰ ਵਿਚ ਨਿਆਂਇਕ ਢਾਂਚੇ ਅਤੇ ਪ੍ਰਸ਼ਾਸਨ ਨਾਲ ਸਬੰਧਤ ਫਾਈਲਾਂ ਮੰਗਵਾਈਆਂ ਸਨ, ਕਿਉਂਕਿ ਇਹ ਫਾਈਲਾਂ ਕਈ ਮਹੀਨਿਆਂ ਤੋਂ ਗਹਿਲੋਤ ਕੋਲ ਪੈਂਡਿੰਗ ਸਨ।
ਉਪ ਰਾਜਪਾਲ ਸਕਸੈਨਾ ਨੇ ਦਿੱਤੀ ਮਨਜ਼ੂਰੀ : ਅਧਿਕਾਰੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਦਫਤਰ ਨੇ ਉਪ ਰਾਜਪਾਲ ਦੇ ਦਫਤਰ ਨੂੰ ਪੱਤਰ ਲਿਖ ਕੇ ਕਾਨੂੰਨ ਵਿਭਾਗ ਦਾ ਚਾਰਜ ਆਤਿਸ਼ੀ ਨੂੰ ਸੌਂਪਣ ਦੀ ਸਿਫਾਰਸ਼ ਕੀਤੀ ਸੀ ਅਤੇ ਇਸ ਨੂੰ ਸਕਸੈਨਾ ਦੀ ਮਨਜ਼ੂਰੀ ਮਿਲ ਗਈ ਹੈ। ਇਸ ਬਦਲਾਅ ਨਾਲ ਆਤਿਸ਼ੀ ਦੇ ਕੋਲ ਮੌਜੂਦਾ ਵਿਭਾਗਾਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ, ਜੋ ਕਿ ਕੇਜਰੀਵਾਲ ਸਰਕਾਰ ਦੇ ਮੰਤਰੀਆਂ ਵਿਚੋਂ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਅਕਤੂਬਰ ’ਚ ਉਨ੍ਹਾਂ ਨੂੰ ਜਲ ਵਿਭਾਗ ਦਾ ਚਾਰਜ ਸੌਂਪਿਆ ਗਿਆ ਸੀ। ਜੂਨ ਵਿਚ ਆਤਿਸ਼ੀ ਨੂੰ ਮਾਲੀਆ, ਯੋਜਨਾ ਅਤੇ ਵਿੱਤੀ ਵਿਭਾਗਾਂ ਦਾ ਚਾਰਜ ਦਿੱਤਾ ਗਿਆ ਸੀ। ਇਹ ਵਿਭਾਗ ਪਹਿਲਾਂ ਗਹਿਲੋਤ ਕੋਲ ਸਨ।
ਗਹਿਲੋਤ ਕੋਲ ਹੁਣ ਟਰਾਂਸਪੋਰਟ, ਗ੍ਰਹਿ, ਪ੍ਰਸ਼ਾਸਨਿਕ ਸੁਧਾਰ ਅਤੇ ਸੂਚਨਾ ਤਕਨਾਲੋਜੀ ਵਿਭਾਗ ਦਾ ਚਾਰਜ ਹੈ। ਉਪ ਰਾਜਪਾਲ ਸਕਸੈਨਾ ਨੇ ਵੀਰਵਾਰ ਨੂੰ ਸ਼ਹਿਰ ਵਿਚ ਅਦਾਲਤਾਂ, ਨਿਆਂਇਕ ਬੁਨਿਆਂਦੀ ਢਾਂਚੇ, ਤੁਰੰਤ ਨਿਆਂ ਅਤੇ ਨਿਆਂ ਪ੍ਰਸ਼ਾਸਨ ਸਿਸਟਮ ਸਬੰਧੀ ਉਨ੍ਹਾਂ ਸਾਰੀਆਂ ਫਾਈਲਾਂ ਨੂੰ ਵਾਪਸ ਮੰਗਵਾਇਆ ਸੀ, ਜਿਨ੍ਹਾਂ ਨੂੰ ਕਾਨੂੰਨ ਮੰਤਰੀ ਨੇ ਨਿਪਟਾਉਣ ਵਿਚ ਦੇਰੀ ਕੀਤੀ।