ਨਵੀਂ ਦਿੱਲੀ – ਕੇਂਦਰ ਸਰਕਾਰ ਦੁਨੀਆ ਦੀ ਪਹਿਲੀ ਡੀਐੱਨਏ ਆਧਾਰਤ ਕੋਰੋਨਾ ਵੈਕਸੀਨ ਜਾਇਕੋਵ-ਡੀ ਨੂੰ ਇਸ ਮਹੀਨੇ ਬਾਜ਼ਾਰ ‘ਚ ਉਤਾਰਨ ਦੀ ਤਿਆਰੀ ‘ਚ ਹੈ। ਅਹਿਮਦਾਬਾਦ ਸਥਿਤ ਡਾਇਡਸ ਕੈਡਿਲਾ ਨੇ ਇਸ ਵੈਕਸੀਨ ਦੀਆਂ 60 ਲੱਖ ਖ਼ੁਰਾਕਾਂ ਤਿਆਰ ਕੀਤੀਆਂ ਹਨ ਤੇ ਸਰਕਾਰ ਸਾਰੀਆਂ ਖ਼ੁਰਾਕਾਂ ਖ਼ਰੀਦਣ ਵਾਲੀ ਹੈ। ਸੂਤਰਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਅਕਤੂਬਰ ‘ਚ ਕੋਰੋਨਾ ਰੋਕੂ ਵੈਕਸੀਨ ਦੀਆਂ 28 ਕਰੋੜ ਤੋਂ ਜ਼ਿਆਦਾ ਖ਼ੁਰਾਕਾਂ ਖ਼ਰੀਦੇਗੀ। ਇਨ੍ਹਾਂ ‘ਚ 22 ਕਰੋੜ ਖ਼ੁਰਾਕਾਂ ਕੋਵੀਸ਼ੀਲਡ ਦੀਆਂ ਹੋਣਗੀਆਂ, ਛੇ ਕਰੋੜ ਕੋਵੈਕਸੀਨ ਦੀਆਂ ਤੇ 60 ਲੱਖ ਡੀਐੱਨਏ ਆਧਾਰਤ ਜਾਇਕੋਵ-ਡੀ ਦੀਆਂ। ਭਾਰਤੀ ਦਵਾ ਰੈਗੂਲੇਟਰੀ ਨੇ ਅਗਸਤ ‘ਚ ਜਾਇਕੋਵ-ਡੀ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਸੀ। ਜਾਇਕੋਵ-ਡੀ ਪਹਿਲੀ ਡੀਐੱਨਏ ਵੈਕਸੀਨ ਹੈ। ਪ੍ਰਰੀਖਣ ਦੌਰਾਨ ਇਹ ਕੋਰੋਨਾ ਵਾਇਰਸ ਖ਼ਿਲਾਫ਼ 66.6 ਫ਼ੀਸਦੀ ਅਸਰਦਾਰ ਪਾਈ ਗਈ ਸੀ। ਇਹ ਤਿੰਨ ਖ਼ੁਰਾਕਾਂ ਵਾਲੀ ਵੈਕਸੀਨ ਹੈ। ਪਹਿਲੀ ਡੋਜ਼ ਦੇ 28 ਦਿਨ ਬਾਅਦ ਦੂਜੀ ਤੇ 56 ਦਿਨ ਬਾਅਦ ਤੀਸਰੀ ਡੋਜ਼ ਲਗਾਈ ਜਾਵੇਗੀ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਲਗਾਉਣ ਲਈ ਸੂਈ ਦੀ ਜ਼ਰੂਰਤ ਨਹੀਂ ਹੋਵੇਗੀ ਬਲਕਿ ਇਸ ਨੂੁੰ ਇਕ ਵੱਖਰੇ ਤਰ੍ਹਾਂ ਦੀ ਮਸ਼ੀਨ ਨਾਲ ਲਗਾਇਆ ਜਾਵੇਗਾ। ਸੂਤਰਾਂ ਨੇ ਦੱਸਿਆ ਕਿ ਸਰਕਾਰ ਦੀ ਯੋਜਨਾ ਅਕਤੂਬਰ ਦੇ ਪਹਿਲੇ ਹਫ਼ਤੇ ‘ਚ ਹੀ ਜਾਇਕੋਵ-ਡੀ ਨੂੰ ਬਾਜ਼ਾਰ ‘ਚ ਲਾਂਚ ਕਰਨ ਦੀ ਸੀ। ਇਸ ‘ਚ ਦੇਰੀ ਬਾਰੇ ਪੁੱਛੇ ਜਾਣ ‘ਤੇ ਪਿਛਲੇ ਹਫ਼ਤੇ ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀਕੇ ਪਾਲ ਨੇ ਕਿਹਾ ਸੀ ਕਿ ਕਿਉਂਕਿ ਇਹ ਆਮ ਸੂਈ ਦੇ ਬਦਲੇ ਵੱਖਰੇ ਤਰੀਕੇ ਨਾਲ ਲਗਾਈ ਜਾਂਦੀ ਹੈ ਇਸ ਲਈ ਲਗਾਉਣ ਵਾਲਿਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ ਹੀ ਵੈਕਸੀਨ ਨੂੰ ਟੀਕਾਕਰਨ ਮੁਹਿੰਮ ‘ਚ ਸ਼ਾਮਲ ਕਰ ਲਿਆ ਜਾਵੇਗਾ।
next post