Punjab

ਦੇਰ ਰਾਤ ਸਰਹੱਦ ਨਾਲ ਲੱਗਦੇ ਪੁਲਿਸ ਦੇ ਨਾਕਿਆਂ ਦੀ ਰੰਧਾਵਾ ਨੇ ਕੀਤੀ ਚੈਕਿੰਗ

ਬਟਾਲਾ – ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼ੁੱਕਰਵਾਰ ਤੇ ਸ਼ਨਿੱਚਰਵਾਰ ਦੀ ਦਰਮਿਆਨੀ ਪੂਰੀ ਰਾਤ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਨਾਲ ਲੱਗਦੇ ਪੁਲਿਸ ਦੇ ਅੰਮਿ੍ਤਸਰ (ਦਿਹਾਤੀ), ਬਟਾਲਾ ਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ ਨਾਕਿਆਂ ਦੀ ਅਚਨਚੇਤੀ ਚੈਕਿੰਗ ਕੀਤੀ।

ਰੰਧਾਵਾ ਨੇ ਸਰਹੱਦ ਨਾਲ ਲੱਗਦੇ ਅਜਨਾਲਾ, ਡੇਰਾ ਬਾਬਾ ਨਾਨਕ, ਕਲਾਨੌਰ ਆਦਿ ਖੇਤਰਾਂ ਦੇ ਪੰਜਾਬ ਪੁਲਿਸ ਦੇ ਨਾਕਿਆਂ ਦੀ ਸਥਿਤੀ ਦਾ ਜਾਇਜ਼ਾ ਲਿਆ। ਪੰਜਾਬ ਪੁਲਿਸ ਨੂੰ ਚੌਕਸ ਰਹਿਣ ਦੇ ਹੁਕਮ ਕਰਦਿਆਂ ਉਨ੍ਹਾਂ ਕਿਹਾ ਕਿ ਸੁਰੱਖਿਆ, ਅਮਨ- ਕਾਨੂੰਨ ਦੇ ਮਾਮਲੇ ਵਿਚ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਮੁਸਤੈਦੀ ਨਾਲ ਡਿਊਟੀ ਕਰ ਰਹੇ ਪੁਲਿਸ ਕਰਮੀਆਂ ਦੀ ਗ੍ਰਹਿ ਮੰਤਰੀ ਨੇ ਪਿੱਠ ਥਾਪੜੀ।

ਉਨ੍ਹਾਂ ਅੱਗੇ ਕਿਹਾ ਕਿ ਉਹ ਅਚਨਚੇਤ ਜਗਦੇਵ ਖ਼ੁਰਦ, ਗਾਗੋ ਮਹਿਲ, ਦਰਿਆ ਮੂਸਾ, ਸਿੰਘਪੁਰਾ, ਘੋਨੇਵਾਲਾ ਪੁਲ ਵਿਖੇ ਤਾਇਨਾਤ ਨਾਕਿਆਂ ਉੱਤੇ ਪੁਲਿਸ ਵੱਲੋਂ ਡਿਊਟੀ ਨਿਭਾਏ ਜਾਣ ਤੋਂ ਸੰਤੁਸ਼ਟ ਹਨ। ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਬੀਐੱਸਐੱਫ ਦਾ ਦਾਇਰਾ 50 ਕਿਲੋਮੀਟਰ ਤਕ ਵਧਾਉਣ ਦੇ ਫ਼ੈਸਲੇ ਨਾਲ ਸੂਬਿਆਂ ਦੀਆਂ ਪੁਲਿਸ ਬਲਾਂ ਨੂੰ ਕਮਜ਼ੋਰ ਸਿੱਧ ਕਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਉਪ ਮੁੱਖ ਮੰਤਰੀ ਨੇ ਨਾਲ ਹੀ ਸਰਹੱਦੀ ਇਲਾਕੇ ਦੇ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਨਸ਼ਿਆਂ ਅਤੇ ਹਥਿਆਰਾਂ ਦੀ ਸਰਹੱਦ ਪਾਰ ਤੋਂ ਤਸਕਰੀ ਬਾਰੇ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇ। ਸੂਬੇ ਵਿਚ ਪਾਕਿਸਤਾਨ ਤੋਂ ਦਰਪੇਸ਼ ਖਤਰੇ ਸਬੰਧੀ ਗੁਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਨੂੰ ਵਰਜਦਿਆਂ ਰੰਧਾਵਾ ਨੇ ਕਿਹਾ ਕਿ ਪੰਜਾਬ ਨੇ ਔਖੇ ਵੇਲਿਆਂ ਵਿਚ ਵਿਰੋਧੀਆਂ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਤੇ ਹੁਣ ਤਾਂ ਪੰਜਾਬ ਵਿੱਚ ਅਮਨ- ਸ਼ਾਂਤੀ ਦਾ ਮਾਹੌਲ ਹੈ ਜਿੱਥੇ ਸਭ ਧਰਮਾਂ, ਜਾਤਾਂ, ਫ਼ਿਰਕਿਆਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬੀਐੱਸਐੱਫ ਸਬੰਧੀ ਤਾਜ਼ਾ ਫ਼ੈਸਲੇ ਨਾਲ ਕੇਂਦਰ ਵੱਲੋਂ ਬੇਲੋੜੇ ਡਰ ਤੇ ਸਹਿਮ ਦਾ ਮਾਹੌਲ ਪੈਦਾ ਕਰਨ ਦੇ ਮਨਸੂਬੇ ਸਫਲ ਨਹੀਂ ਹੋਣ ਦਿੱਤੇ ਜਾਣਗੇ। ਰੰਧਾਵਾ ਨੇ ਕਿਹਾ, “ਪੰਜਾਬ ਸਰਕਾਰ ਸਾਡੀਆਂ ਸੁਰੱਖਿਆ ਬਲਾਂ ਨਾਲ ਖੜ੍ਹੀ ਹੈ ਜਿਨ੍ਹਾਂ ਵੱਲੋਂ ਦਿਨ-ਰਾਤ ਦਿੱਤੇ ਜਾਂਦੇ ਪਹਿਰੇ ਸਦਕਾ ਦੇਸ਼ ਵਾਸੀ ਚੈਨ ਦੀ ਨੀਂਦ ਸੌਂਦੇ ਹਨ।”

Related posts

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ !

admin

ਵਿਜੈ ਗਰਗ ਦੀ ਕਿਤਾਬ, “ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ”, ਪ੍ਰਿੰਸੀਪਲ ਸੰਧਿਆ ਬਠਲਾ ਦੁਆਰਾ ਲੋਕ ਅਰਪਣ !

admin