ਨਵੀਂ ਦਿੱਲੀ – ਕੋਰੋਨਾ ਵਾਇਰਸ ਖ਼ਿਲਾਫ਼ ਜੰਗ ’ਚ ਭਾਰਤ ਦੀ ਸਥਿਤੀ ਲਗਾਤਾਰ ਬੇਹਤਰ ਹੋ ਰਹੀ ਹੈ। ਟੀਕਾਕਰਨ ਦਾ ਦਾਇਰਾ ਵੱਧ ਰਿਹਾ ਹੈ ਤੇ ਸਰਗਰਮ ਮਾਮਲੇ ਯਾਨੀ ਇਲਾਜ ਅਧੀਨ ਮਰੀਜ਼ ਘੱਟ ਹੋ ਰਹੇ ਹਨ। ਨਵੇਂ ਮਾਮਲਿਆਂ ਦੀ ਗਿਣਤੀ 10 ਹਜ਼ਾਰ ਦੇ ਆਸਪਾਸ ਬਣੀ ਹੋਈ ਹੈ ਪਰ ਇਨ੍ਹਾਂ ’ਚ ਜ਼ਿਆਦਾਤਰ ਮਾਮਲੇ ਕੇਰਲ ਤੋਂ ਸਾਹਮਣੇ ਆ ਰਹੇ ਹਨ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀ 110 ਕਰੋੜ ਤੋਂ ਜ਼ਿਆਦਾ ਡੋਜ਼ ਲਾਈ ਜਾ ਚੁੱਕੀ ਹੈ। ਹਾਲਾਂਕਿ ਸ਼ਾਮ 6 ਵਜੇ ਤਕ ਦੇ ਅੰਕੜਿਆਂ ਮੁਤਾਬਕ ਹੁਣ ਤਕ 111.30 ਕਰੋੜ ਡੋਜ਼ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ’ਚ 74.96 ਕਰੋੜ ਪਹਿਲੀ ਤੇ 36.33 ਕਰੋੜ ਦੂਜੀ ਡੋਜ਼ ਸ਼ਾਮਲ ਹੈ। ਇਸ ਤਰ੍ਹਾਂ 36.33 ਕਰੋੜ ਲੋਕਾਂ ਦਾ ਪੂਰਨ ਟੀਕਾਕਰਨ ਹੋ ਗਿਆ ਹੈ। ਮੰਤਰਾਲੇ ਮੁਤਾਬਕ ਬੀਤੇ 24 ਘੰਟਿਆਂ ’ਚ 12,516 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 501 ਲੋਕਾਂ ਦੀ ਮੌਤ ਹੋਈ ਹੈ। ਮ੍ਰਿਤਕਾਂ ’ਚ 419 ਕੇਰਲ ਤੋਂ ਹਨ ਜਿਥੇ ਪਹਿਲਾਂ ਹੋਈਆਂ ਮੌਤਾਂ ਨੂੰ ਨਵੇਂ ਅੰਕੜਿਆਂ ਨਾਲ ਮਿਲਾ ਕੇ ਜਾਰੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਰਗਰਮ ਮਾਮਲਿਆਂ ’ਚ 1140 ਦੀ ਕਮੀ ਆਈ ਹੈ ਤੇ ਵਰਤਮਾਨ ’ਚ ਸਰਗਰਮ ਮਾਮਲੇ 1,37,416 ਰਹਿ ਗਏ ਹਨ ਜੋ ਕੁਲ ਮਾਮਲਿਆਂ ਦਾ 0.40 ਫੀਸਦੀ ਹੈ।