ਨਵੀਂ ਦਿੱਲੀ – ਦੇਸ਼ ’ਚ ਕੋਰੋਨਾ ਮਹਾਮਾਰੀ ਦੀ ਤੀਸਰੀ ਲਹਿਰ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਲਗਪਗ ਤਿੰਨ ਮਹੀਨੇ ਬਾਅਦ ਇਕ ਦਿਨ ’ਚ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਸਰਗਰਮ ਮਾਮਲਿਆਂ ਦਾ ਅੰਕੜਾ ਵੀ ਇਕ ਲੱਖ ਨੂੰ ਪਾਰ ਕਰ ਗਿਆ ਹੈ। ਦੋ ਦਿਨ ’ਚ ਹੀ ਨਵੇਂ ਮਾਮਲੇ 10 ਹਜ਼ਾਰ ਤੋਂ ਵੱਧ ਕੇ 20 ਹਜ਼ਾਰ ਨੂੰ ਪਾਰ ਕਰ ਗਏ ਹਨ। ਓਮੀਕ੍ਰੋਨ ਦੇ ਵੀ 161 ਨਵੇਂ ਕੇਸ ਸਾਹਮਣੇ ਆਏ ਹਨ ਤੇ ਕੁੱਲ ਮਾਮਲੇ ਵੱਧ ਕੇ 1431 ਹੋ ਗਏ ਹਨ ਜਿਨ੍ਹਾਂ ’ਚੋਂ 488 ਮਰੀਜ਼ ਹੁਣ ਤਕ ਠੀਕ ਹੋ ਚੁੱਕੇ ਹਨ। ਮਹਾਰਾਸ਼ਟਰ ’ਚ ਓਮੀਕ੍ਰੋਨ ਦੇ ਸਭ ਤੋਂ ਵੱਧ 454 ਮਾਮਲੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿਚਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ’ਚ 22775 ਨਵੇਂ ਮਾਮਲੇ ਸਾਹਮਣੇ ਆਏ ਹਨ। ਛੇ ਅਕਤੂਬਰ ਨੂੰ 22431 ਨਵੇਂ ਕੇਸ ਮਿਲੇ ਸਨ। ਨਵੇਂ ਮਾਮਲਿਆਂ ’ਚ ਤੇਜ਼ ਵਾਧੇ ਕਾਰਨ ਸਰਗਰਮ ਮਾਮਲੇ ਵੀ ਵੱਧ ਕੇ 104781 ਹੋ ਗਏ ਹਨ ਜੋ ਕੁੱਲ ਮਾਮਲਿਆਂ ਦਾ 0.30 ਫ਼ੀਸਦੀ ਹੈ। ਇਸ ਤੋਂ ਪਹਿਲਾਂ 30 ਨਵੰਬਰ ਨੂੰ ਸਰਗਰਮ ਮਾਮਲਿਆਂ ਦੀ ਗਿਣਤੀ 100543 ਸੀ।ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਦੌਰਾਨ 406 ਹੋਰ ਮੌਤਾਂ ਵੀ ਹੋਈਆਂ ਹਨ ਜਿਨ੍ਹਾਂ ’ਚ ਸਭ ਤੋਂ ਵੱਧ 353 ਮੌਤਾਂ ਸਿਰਫ ਕੇਰਲ ਤੋਂ ਹਨ, ਜਦੋਂਕਿ ਤਾਮਿਲਨਾਡੂ ’ਚ 11 ਤੇ ਮਹਾਰਾਸ਼ਟਰ ’ਚ ਅੱਠ ਲੋਕਾਂ ਦੀ ਜਾਨ ਗਈ ਹੈ।