ਨਵੀਂ ਦਿੱਲੀ – ਦੇਸ਼ ‘ਚ ਲਗਾਤਾਰ ਦੂਜੇ ਦਿਨ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ 20 ਹਜ਼ਾਰ ਤੋਂ ਘੱਟ ਪਾਏ ਗਏ ਹਨ। ਇਹੀ ਨਹੀਂ ਪਿਛਲੇ 24 ਘੰਟਿਆਂ ਦੌਰਾਨ ਸਰਗਰਮ ਮਾਮਲਿਆਂ ਵਿਚ ਵੀ ਕਰੀਬ 10 ਹਜ਼ਾਰ ਦੀ ਕਮੀ ਆਈ ਹੈ ਅਤੇ 194 ਦਿਨਾਂ ਬਾਅਦ ਸਰਗਰਮ ਮਾਮਲਿਆਂ ਸਭ ਤੋਂ ਘੱਟ 2,82,520 ਹੋ ਗਏ ਹਨ ਜਿਹੜੇ ਕੁਝ ਮਾਮਲਿਆਂ ਦਾ 0.84 ਫ਼ੀਸਦੀ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਵਿਚ 18,870 ਨਵੇਂ ਮਾਮਲੇ ਮਿਲੇ ਹਨ ਜਿਨ੍ਹਾਂ ਵਿਚੋਂ 11 ਹਜ਼ਾਰ ਤੋਂ ਜ਼ਿਆਦਾ ਇਕੱਲੇ ਕੇਰਲ ਤੋਂ ਹਨ। ਮੰਗਲਵਾਰ ਨੂੰ 18,795 ਨਵੇਂ ਮਾਮਲੇ ਮਿਲੇ ਸਨ। ਉਂਜ ਕੋਰੋਨਾ ਮਹਾਮਾਰੀ ਦੇ ਸਮੁੱਚੇ ਹਾਲਾਤ ਵਿਚ ਸਕਾਰਾਤਮਕ ਸੁਧਾਰ ਹੋ ਰਿਹਾ ਹੈ। ਮਰੀਜ਼ਾਂ ਦੇ ਉਭਰਨ ਦੀ ਦਰ ਲਗਾਤਾਰ ਸੁਧਰ ਰਹੀ ਹੈ, ਮੌਤ ਦਰ ਸਥਿਰ ਬਣੀ ਹੋਈ ਹੈ ਅਤੇ ਰੋਜ਼ਾਨਾ ਤੇ ਹਫ਼ਤਾਵਾਰੀ ਮਾਮਲੇ ਵੀ ਦੋ ਫ਼ੀਸਦੀ ਤੋਂ ਹੇਠਾਂ ਬਣੇ ਹੋਏ ਹਨ।