ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਖ਼ਿਲਾਫ਼ ਭਾਰਤ ਭਰਪੂਰ ਕੋਸ਼ਿਸ਼ਾਂ ਕਰ ਰਿਹਾ ਹੈ। ਇਕ ਪਾਸੇ ਜਿੱਥੇ ਟੀਕਾਕਰਨ ਦੀ ਰਫ਼ਤਾਰ ਤੇਜ਼ ਕਰ ਦਿੱਤੀ ਗਈ ਹੈ, ਉਥੇ ਦੂਜੇ ਪਾਸੇ ਕੋਰੋਨਾ ਇਨਫੈਕਸ਼ਨ ਨੂੰ ਕੰਟਰੋਲ ਕਰਨ ਲਈ ਵੀ ਤਮਾਮ ਕਦਮ ਚੁੱਕੇ ਗਏ ਹਨ ਅਤੇ ਲੋਕਾਂ ਨੂੰ ਵੀ ਵਾਰ-ਵਾਰ ਚੌਕਸ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸੇ ਦਾ ਨਤੀਜਾ ਹੈ ਕਿ ਦੇਸ਼ ਵਿਚ ਹੁਣ ਤਕ ਕੋਰੋਨਾ ਰੋਕੂ ਵੈਕਸੀਨ ਦੀਆਂ 95 ਕਰੋੜ ਤੋਂ ਜ਼ਿਆਦਾ ਡੋਜ਼ ਲਾਈਆਂ ਜਾ ਚੁੱਕੀਆਂ ਹਨ ਅਤੇ ਇਸ ਹਫ਼ਤੇ ਇਸ ਨੂੰ 100 ਕਰੋੜ ਡੋਜ਼ ਤਕ ਪਹੁੰਚਾਉਣ ਦਾ ਟੀਚਾ ਹੈ। ਉਥੇ, ਸੱਤ ਮਹੀਨਿਆਂ ਤੋਂ ਜ਼ਿਆਦਾ ਸਮੇਂ ਬਾਅਦ ਇਕ ਦਿਨ ਵਿਚ ਸਭ ਤੋਂ ਘੱਟ ਨਵੇਂ ਇਨਫੈਕਟਿਡ ਮਰੀਜ਼ ਮਿਲੇ ਹਨ।
ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ, ਸੋਮਵਾਰ ਸਵੇਰੇ ਸੱਤ ਵਜੇ ਤਕ ਕੁਲ 95.19 ਕਰੋੜ ਡੋਜ਼ ਲਾਈਆਂ ਜਾ ਚੁੱਕੀਆਂ ਸੀ। ਇਨ੍ਹਾਂ ਵਿਚੋਂ 68 ਕਰੋੜ ਤੋਂ ਜ਼ਿਆਦਾ ਪਹਿਲੀ ਅਤੇ 27 ਕਰੋੜ ਤੋਂ ਜ਼ਿਆਦਾ ਦੂਜੀ ਡੋਜ਼ ਸ਼ਾਮਲ ਹੈ। ਉਥੇ, ਮੰਤਰਾਲੇ ਵੱਲੋਂ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿਚ ਇਨਫੈਕਸ਼ਨ ਦੇ 18,132 ਨਵੇਂ ਮਾਮਲੇ ਮਿਲੇ ਹਨ ਜਿਹੜੇ 215 ਦਿਨਾਂ ਵਿਚ ਸਭ ਤੋਂ ਘੱਟ ਹਨ। ਇਸ ਦੌਰਾਨ 193 ਲੋਕਾਂ ਦੀ ਮੌਤ ਹੋਈ ਹੈ। ਸਰਗਰਮ ਮਾਮਲਿਆਂ ਵਿਚ 3,624 ਦੀ ਗਿਰਾਵਟ ਆਈ ਹੈ ਅਤੇ ਵਰਤਮਾਨ ਵਿਚ ਸਰਗਰਮ ਮਾਮਲੇ 2,27,347 ਰਹਿ ਗਏ ਹਨ ਜਿਹੜੇ ਕੁਲ ਮਾਮਲਿਆਂ ਦਾ 0.67 ਫ਼ੀਸਦੀ ਹੈ। 209 ਦਿਨਾਂ ਵਿਚ ਸਰਗਰਮ ਮਾਮਲਿਆਂ ਦੀ ਇਹ ਸਭ ਤੋਂ ਘੱਟ ਗਿਣਤੀ ਹੈ।