ਨਵੀਂ ਦਿੱਲੀ – ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 203 ਮਾਮਲੇ ਦਰਜ ਕੀਤੇ ਗਏ, ਜਦੋਂ ਕਿ ਇਸ ਬਿਮਾਰੀ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 2,034 ਹੋ ਗਈ ਹੈ। ਸੋਮਵਾਰ ਨੂੰ ਕੇਂਦਰੀ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਸਿਹਤ ਮੰਤਰਾਲਾ ਵਲੋਂ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਪਿਛਲੇ 24 ਘੰਟਿਆਂ ’ਚ 2 ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਗਈ। ਇਨ੍ਹਾਂ ’ਚੋਂ ਇਕ ਵਿਅਕਤੀ ਦੀ ਕੇਰਲ ’ਚ, ਜਦੋਂ ਕਿ ਦੂਜੇ ਦੀ ਮਹਾਰਾਸ਼ਟਰ ’ਚ ਮੌਤ ਹੋਈ। ਪਿਛਲੇ ਸਾਲ 5 ਦਸੰਬਰ ਤੱਕ ਕੋਰੋਨਾ ਵਾਇਰਸ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਘੱਟ ਕੇ ਦੋਹਰੇ ਅੰਕ ਤੱਕ ਆ ਗਈ ਸੀ ਪਰ ਵਾਇਰਸ ਦੇ ਨਵੇਂ ਵੇਂਰੀਐਂਟ ਜੇ.ਐੱਨ.1 ਅਤੇ ਸਰਦੀ ਦੇ ਮੌਸਮ ਕਾਰਨ ਮਾਮਲਿਆਂ ’ਚ ਵਾਧਾ ਹੋਣਾ ਸ਼ੁਰੂ ਹੋਇਆ। ਦੇਸ਼ ਭਰ ’ਚ 2020 ਦੀ ਸ਼ੁਰੂਆਤ ਤੋਂ ਹੁਣ ਤੱਕ ਲਗਭਗ ਚਾਰ ਸਾਲਾਂ ’ਚ ਕੋਰੋਨਾ ਵਾਇਰਸ ਤੋਂ ਸਾਢੇ ਚਾਰ ਕਰੋੜ ਤੋਂ ਵੱਧ ਲੋਕ ਸੰਕ੍ਰਮਿਤ ਹੋਏ ਹਨ ਅਤੇ ਇਸ ਤੋਂ 5.3 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
ਸਿਹਤ ਮੰਤਰਾਲਾ ਦੀ ਵੈੱਬਸਾਈਟ ਅਨੁਸਾਰ, ਹੁਣ ਤੱਕ ਸੰਕਰਮਣ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੋ ਗਈ ਹੈ ਅਤੇ ਇਸ ਸੰਕਰਮਣ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.81 ਫ਼ੀਸਦੀ ਹੈ। ਮੰਤਰਾਲਾ ਨੇ ਦੱਸਿਆ ਕਿ ਦੇਸ਼ ’ਚ ਕੋਰੋਨਾ ਰੋਕੂ ਟੀਕਾਕਾਰਨ ਮੁਹਿੰਮ ਦੇ ਅਧੀਨ ਹੁਣ ਤੱਕ 220.67 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
