ਨਵੀਂ ਦਿੱਲੀ – ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਕਈ ਹੋਰ ਸੂਬਿਆਂ ‘ਚ ਐਤਵਾਰ ਨੂੰ ਭਾਰੀ ਮੀਂਹ ਪਿਆ। ਭਾਰਤੀ ਮੌਸਮ ਵਿਭਾਗ (IMD) ਨੇ ਹੁਣ ਕਈ ਹੋਰ ਰਾਜਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ 29 ਦਸੰਬਰ ਤੱਕ ਕੁਝ ਉੱਤਰੀ ਰਾਜਾਂ ‘ਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਅੱਜ ਅਤੇ ਕੱਲ (27 ਅਤੇ 28 ਤਰੀਕ) ਨੂੰ ਜੰਮੂ-ਕਸ਼ਮੀਰ, ਲੱਦਾਖ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ। ਉੱਤਰਾਖੰਡ ਵਿੱਚ ਅੱਜ ਤੋਂ ਬੁੱਧਵਾਰ ਤੱਕ ਅਜਿਹਾ ਹੀ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਹੈ। ਕੇਂਦਰੀ ਮੌਸਮ ਭਵਿੱਖਬਾਣੀ ਏਜੰਸੀ (IMD) ਦੇ ਤਾਜ਼ਾ ਅਪਡੇਟ ਅਨੁਸਾਰ ਸੋਮਵਾਰ ਅਤੇ ਮੰਗਲਵਾਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਰਾਜਸਥਾਨ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।ਅੱਜ ਤੋਂ ਬੁੱਧਵਾਰ ਤੱਕ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਮੰਗਲਵਾਰ (28 ਦਸੰਬਰ) ਨੂੰ ਪੂਰਬੀ ਅਤੇ ਨਾਲ ਲੱਗਦੇ ਪੱਛਮੀ ਉੱਤਰ ਪ੍ਰਦੇਸ਼ ਅਤੇ ਪੂਰਬੀ ਰਾਜਸਥਾਨ ਵਿੱਚ ਗਰਜ, ਬਿਜਲੀ ਅਤੇ ਗੜੇ ਪੈਣ ਦੀ ਸੰਭਾਵਨਾ ਹੈ।ਮੱਧ ਭਾਰਤ ਵਿੱਚ ਮੱਧ ਪ੍ਰਦੇਸ਼, ਵਿਦਰਭ ਅਤੇ ਛੱਤੀਸਗੜ੍ਹ ਵਿੱਚ ਮੀਂਹ ਦੀ ਸੰਭਾਵਨਾ ਹੈ, ਜਦੋਂ ਕਿ ਪੂਰਬੀ ਹਿੱਸੇ ਵਿੱਚ ਬਿਹਾਰ, ਝਾਰਖੰਡ, ਉੜੀਸਾ ਅਤੇ ਪੱਛਮੀ ਬੰਗਾਲ ਵਿੱਚ 28 ਤੋਂ 30 ਦਸੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਨੇ 27 ਅਤੇ 28 ਨੂੰ ਪੱਛਮੀ ਬੰਗਾਲ, ਸਿੱਕਮ ਦੇ ਕਈ ਹਿੱਸਿਆਂ ਵਿੱਚ ਗਰਜ ਅਤੇ ਗੜੇ ਪੈਣ ਦੀ ਭਵਿੱਖਬਾਣੀ ਕੀਤੀ ਹੈ। 28 ਅਤੇ 29 ਦਸੰਬਰ ਨੂੰ ਪੂਰਬੀ ਮੱਧ ਪ੍ਰਦੇਸ਼, ਵਿਦਰਭ ਅਤੇ ਛੱਤੀਸਗੜ੍ਹ ਵਿੱਚ 28 ਦਸੰਬਰ ਨੂੰ ਪੱਛਮੀ ਮੱਧ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਵਿੱਚ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਬਿਹਾਰ ‘ਚ ਬੁੱਧਵਾਰ ਅਤੇ ਵੀਰਵਾਰ ਨੂੰ ਦੋ ਦਿਨਾਂ ਲਈ ਸੀਤ ਲਹਿਰ ਦੀ ਭਵਿੱਖਬਾਣੀ ਕੀਤੀ ਹੈ, ਜਦਕਿ 31 ਦਸੰਬਰ ਨੂੰ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਵੀ ਇਹੋ ਜਿਹੀ ਸਥਿਤੀ ਰਹਿਣ ਦੀ ਸੰਭਾਵਨਾ ਹੈ।
previous post