ਨਵੀਂ ਦਿੱਲੀ – ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਮੰਗਲਵਾਰ ਨੂੰ ਲੋਕ ਸਭਾ ਵਿਚ ਦੱਸਿਆ ਕਿ ਦੇਸ਼ ਵਿਚ ਕਰੀਬ 257 ਪੁਲਿਸ ਸਟੇਸ਼ਨ ਅਜਿਹੇ ਹਨ ਜਿੱਥੇ ਟਰਾਂਸਪੋਰਟ ਦੇ ਨਾਮ ‘ਤੇ ਕੋਈ ਵਾਹਨ ਨਹੀਂ ਹੈ। ਨਾਲ ਹੀ ਅਜਿਹੇ ਥਾਣਿਆਂ ਦੀ ਗਿਣਤੀ 638 ਦੇ ਕਰੀਬ ਹੈ ਜਿੱਥੇ ਮੋਬਾਈਲ ਦੇ ਦੌਰ ਵਿਚ ਕੋਈ ਟੈਲੀਫੋਨ ਕੁਨੈਕਸ਼ਨ ਨਹੀਂ ਹੈ।
ਲੋਕ ਸਭਾ ਵਿਚ ਬੋਲਦਿਆਂ ਰਾਏ ਨੇ ਕਿਹਾ ਕਿ ਦੇਸ਼ ਦੀ ਕੇਂਦਰ ਸਰਕਾਰ ਰਾਜਾਂ ਵਿਚ ਪੁਲਿਸ ਦੇ ਆਧੁਨਿਕੀਕਰਨ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ASMP ਸਕੀਮ ਦੇ ਤਹਿਤ, ਸਰਕਾਰ ਵਿੱਤੀ ਸਹਾਇਤਾ ਪ੍ਰਦਾਨ ਕਰ ਕੇ ਪੁਲਿਸ ਬਲਾਂ ਨੂੰ ਆਧੁਨਿਕ ਬਣਾਉਣ ਲਈ ਕੰਮ ਕਰ ਰਹੀ ਹੈ। ਸਦਨ ਵਿਚ ਲਿਖਤੀ ਜਵਾਬ ਦੇ ਰੂਪ ਵਿਚ ਜਾਣਕਾਰੀ ਦਿੰਦੇ ਹੋਏ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ 1 ਜਨਵਰੀ, 2020 ਤੱਕ ਦੇਸ਼ ਵਿਚ ਵਾਹਨਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਥਾਣਿਆਂ ਦੀ ਗਿਣਤੀ ਲਗਪਗ 257 ਹੈ। ਇਸ ਦੇ ਨਾਲ ਹੀ ਜਿਨ੍ਹਾਂ ਥਾਣਿਆਂ ਵਿਚ ਟੈਲੀਫੋਨ ਦੀ ਸਹੂਲਤ ਨਹੀਂ ਹੈ, ਉਨ੍ਹਾਂ ਦੀ ਗਿਣਤੀ 638 ਦੇ ਕਰੀਬ ਹੈ। ਨਾਲ ਹੀ, ਜਿਨ੍ਹਾਂ ਥਾਣਿਆਂ ‘ਚ ਵਾਇਰਲੈੱਸ ਸੈੱਟ ਜਾਂ ਮੋਬਾਈਲ ਨਹੀਂ ਹਨ, ਉਨ੍ਹਾਂ ਦੀ ਗਿਣਤੀ 143 ਦੇ ਕਰੀਬ ਹੈ। ਰਾਏ ਨੇ ਦੱਸਿਆ ਕਿ ਰਾਜ ਸਰਕਾਰਾਂ ਦੀਆਂ ਲੋੜਾਂ ਅਤੇ ਰਣਨੀਤਕ ਤਰਜੀਹਾਂ ਦੇ ਅਨੁਸਾਰ ਸੰਚਾਰ ਸਾਧਨਾਂ ਸਮੇਤ ਪੁਲਿਸ ਨਾਲ ਸਬੰਧਤ ਵੱਖ-ਵੱਖ ਵਸਤੂਆਂ ਦੀ ਪ੍ਰਾਪਤੀ ਲਈ ਕੇਂਦਰ ਦੁਆਰਾ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।