ਹੁਸ਼ਿਆਰਪੁਰ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੋਹਰੇ ਸੰਵਿਧਾਨ ਕੇਸ ਵਿਚ ਹੁਸ਼ਿਆਰਪੁਰ ਅਦਲਾਤ ਵਿਚ ਪੇਸ਼ ਹੋਏ। ਇਸ ਮਾਮਲੇ ਵਿਚ ਹੁਸ਼ਿਆਰਪੁਰ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਹੋਣ ਦੀ ਹਦਾਇਤ ਕੀਤੀ ਗਈ ਸੀ ਤੇ ਇਸੇ ਮੁਤਾਬਕ ਉਹ ਵੀਰਵਾਰ ਸਵੇਰੇ ਹੁਸ਼ਿਆਰਪੁਰ ਅਦਾਲਤ ਵਿਚ ਪੇਸ਼ ਹੋਏ ਅਤੇ ਵਕੀਲਾਂ ਵੱਲੋਂ ਜ਼ਮਾਨਤ ਅਰਜੀ ‘ਤੇ ਬਹਿਸ ਕਰਨ ਉਪਰੰਤ ਉਨ੍ਹਾਂ ਨੂੰ ਜਮਾਨਤ ਦੇ ਦਿੱਤੀ ਗਈ।
ਇਸੇ ਮਾਮਲੇ ਵਿਚ ਸੁਖਬੀਰ ਬਾਦਲ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੂੰ ਪਹਿਲਾਂ ਜ਼ਮਾਨਤ ਦੇ ਦਿੱਤੀ ਸੀ ਤੇ ਹੁਣ ਪ੍ਰਕਾਸ਼ ਸਿੰਘ ਬਾਦਲ ਨੇ ਜਮਾਨਤ ਅਰਜੀ ਦਾਖ਼ਲ ਕੀਤੀ ਸੀ, ਜਿਸ ‘ਤੇ ਅਦਾਲਤ ਨੇ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਸੀ। ਅੱਜ ਪੇਸ਼ ਹੋਏ ਤੇ ਅਦਾਲਤ ਨੇ ਜ਼ਮਾਨਤ ਦੇ ਦਿੱਤੀ। ਉਨ੍ਹਾਂ ਕਿਹਾ ਕਿ ਸ਼ਿਕਾਇਤ ਵਿਚ ਦੋਸ਼ ਝੂਠੇ ਹਨ ਤੇ ਅਦਾਲਤ ‘ਤੇ ਭਰੋਸਾ ਹੈ ਕਿ ਇਹ ਕੇਸ ਖਾਰਜ ਹੋਵੇਗਾ। ਦੂਜੇ ਪਾਸੇ ਖੇੜਾ ਦੇ ਵਕੀਲ ਹਰਕਮਲਜੋਤ ਸਿੰਘ ਨੇ ਕਿਹਾ ਕਿ ਕੇਸ ਬਿਲਕੁਲ ਸਹੀ ਹੈ ਤੇ ਇਸ ਮਾਮਲੇ ਵਿਚ ਹਾਈਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਹੈ ਤੇ ਹਾਈਕੋਰਟ ਨੇ ਹੇਠਲੀ ਅਦਾਲਤ ਵੱਲੋਂ ਬਾਦਲਾਂ ਨੂੰ ਜਾਰੀ ਸੰਮਨ ਵਿਰੁੱਧ ਪਟੀਸ਼ਨ ਰੱਦ ਕਰ ਦਿੱਤੀ ਸੀ।
ਜਿਸ ‘ਤੇ ਹੁਣ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਹੁਸ਼ਿਆਰਪੁਰ ਅਦਾਲਤ ਵਿਚ ਪੇਸ਼ ਹੋ ਰਹੇ ਹਨ ਤੇ ਅੱਜ ਪ੍ਰਕਾਸ਼ ਸਿੰਘ ਬਾਦਲ ਪੇਸ਼ ਹੋਏ, ਜਿਸ ‘ਤੇ ਉਨ੍ਹਾਂ ਨੂੰ ਜਮਾਨਤ ਮਿਲ ਗਈ ਹੈ। ਸ਼ਿਕਾਇਤਕਰਤਾ ਬਲਵੰਤ ਸਿਘ ਖੇੜਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਾਮਲੇ ਵਿਚ ਬਾਦਲਾਂ ਨੂੰ ਸਜਾ ਜਰੂਰ ਹੋਵੇਗੀ। ਉਨ੍ਹਾਂ ਹਾਲਾਂਕਿ ਅਦਾਲਤ ‘ਤੇ ਭਰੋਸਾ ਪ੍ਰਗਟਾਇਆ ਪਰ ਨਾਲ ਹੀ ਕਿਹਾ ਕਿ ਜਿਸ ਤਰੀਕੇ ਨਾਲ ਅੱਜ ਅਦਾਲਤ ਸਵੇਰੇ ਹੀ ਬੈਠ ਗਈ ਤੇ ਬਾਦਲ ਆਏ ਤੇ ਨਾਲ ਹੀ ਕਾਰਵਾਈ ਮੁਕੰਮਲ ਹੋਈ ਤੇ ਉਹ ਚਲੇ ਗਏ, ਇਸ ਨਾਲ ਕੁਝ ਵੱਖਰਾ ਅਹਿਸਾਸ ਹੁੰਦਾ ਹੈ।