
ਭਾਰਤ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਿਹਾ ਅੰਦੋਲਨ ਜਿੱਥੇ ਵਿਸ਼ਵ ਵਿਆਪੀ ਬਣ ਚੁੱਕਾ ਹੈ ਉੱਥੇ ਹੀ ਹੋਰ ਵੀ ਕਈ ਨਵੇਂ ਅਦਭੁਦ ਕੀਰਤੀਮਾਨ ਸਥਾਪਤ ਕਰਦਾ ਜਾ ਰਿਹਾ ਹੈ । ਉਹ ਦਿਨ ਦੂਰ ਨਹੀਂ ਜਦੋਂ ਗਿੱਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੀ ਟੀਮ ਅਤੇ ਦੁਨੀਆ ਭਰ ਦੇ ਵਿਚਾਰਕ ਅਤੇ ਬੁੱਧੀਜੀਵੀ ਦਿੱਲੀ ਅੰਦੋਲਨ ਦਾ ਨੂੰ ਇਤਿਹਾਸ ਦੇ ਪੰਨਿਆਂ ਤੇ ਦਰਜ ਕਰਨਗੇ । ਦੁਨੀਆ ਭਰ ਵਿੱਚ ਅੱਜ ਤੱਕ ਜਿੰਨੇ ਵੀ ਅੰਦੋਲਨ ਹੋਏ ਸਿਆਸਤ ਜਾਂ ਧਰਮ ਤੋਂ ਅਛੂਤੇ ਨਾ ਰਹਿ ਸਕੇ । ਭਾਰਤ ਅੰਦਰ ਚੱਲ ਰਿਹਾ ਕਿਸਾਨ ਅੰਦੋਲਨ ਵਿਸ਼ਵ ਦਾ ਪਹਿਲਾ ਅੰਦੋਲਨ ਹੈ ਜੋ ਕੁਝ ਕਿਸਾਨ ਸੰਗਠਨਾਂ ਨੇ ਸ਼ੁਰੂ ਕੀਤਾ ਅਤੇ ਲੋਕਾਂ ਨੇ ਸੰਭਾਲ ਲਿਆ ।ਅੱਜ ਇਹ ਅੰਦੋਲਨ ਕਿਸੇ ਆਗੂ ਦੇ ਹੱਥ ਨਹੀਂ ਰਿਹਾ ਬਲਿਕ ਜਨ ਅੰਦੋਲਨ ਬਣਕੇ ਸਿੱਧਾ ਲੋਕਾਂ ਦੇ ਹੱਥਾਂ ਚ’ ਆ ਚੁੱਕਾ ਹੈ । ਇਹ ਪਹਿਲੀ ਵਾਰ ਹੈ ਜਦੋਂ ਕੋਈ ਅੰਦੋਲਨ ਬਿਨ੍ਹਾਂ ਕਿਸੇ ਰਾਜਨੀਤਿਕ ਅਗਵਾਈ ਤੋਂ ਚੱਲ ਰਿਹਾ ਹੈ ਅਤੇ ਸਿਆਸੀ ਆਗੂਆਂ ਨੂੰ ਸਟੇਜ ਦੇ ਨੇੜੇ-ਤੇੜੇ ਫੜਕਣ ਵੀ ਨਹੀਂ ਦਿਤਾ ਜਾਂਦਾ । ਦਿੱਲੀ ਦੇ ਸਿੰਘੂ ਬਾਰਡਰ ਤੇ ਡਟੇ ਕਿਸਾਨਾਂ ਦੇ ਸਮਰਥਨ ‘ਚ ਆਪਣੀ ਹਾਜ਼ਰੀ ਲਗਵਾ ਕੇ ਆਏ ਸਮਾਜਸੇਵੀ ਕਾਰੀ ਮੁਹੰਮਦ ਅਨਵਾਰ ਕਾਸਮੀ, ਮੁਹੰਮਦ ਨਿਸਾਰ, ਕਾਰੀ ਮੁਹੰਮਦ ਬਸ਼ੀਰ ਕਾਸਮੀ ਨੇ ਦੱਸਿਆ ਕਿ ਕਿਸਾਨ ਮੋਰਚੇ ਦੀ ਇਹ ਵਿਸ਼ੇਸਤਾ ਹੈ ਕਿ ਧਰਮਾਂ ਦੇ ਨਾਮ ਤੇ ਸਮਾਜ ਨੂੰ ਵੰਡਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਸਾਬਿਤ ਹੋਇਆ ਹੈ ਕਿਸਾਨ ਮੋਰਚੇ ਵਿੱਚ ਧਰਮ, ਜਾਤ-ਪਾਤ, ਰੰਗ, ਨਸਲ, ਭਾਸ਼ਾ ਜਾਂ ਖੇਤਰੀ ਵਖਰੇਵੇਂ ਬਿਲਕੁਲ ਵੀ ਦੇਖਣ ਨੂੰ ਨਹੀਂ ਮਿਲੇ ।ਕਿਸਾਨ ਅੰਦੋਲਨ ਪਹਿਲੀ ਵਾਰ ਬਜ਼ੁਰਗਾਂ ਦੀ ਦੇਖ-ਰੇਖ ‘ਚ ਨੌਜਵਾਨ ਪੂਰੇ ਉਤਸ਼ਾਹ ਅਤੇ ਸ਼ਾਂਤਮਈ ਢੰਗ ਨਾਲ ਆਪਣੀਆਂ ਜ਼ਿੰਮੇਦਾਰੀਆਂ ਨਿਭਾ ਰਹੇ ਹਨ । ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਦੇਸ਼ ਭਰ ਚੋਂ ਨੌਜਵਾਨ ਵੱਡੀ ਗਿਣਤੀ ‘ਚ ਇਕੱਤਰ ਹੋਏ ਅਤੇ ਅੰਦੋਲਨ ਨੂੰ ਅਨੁਸ਼ਾਸਿਤ ਤਰੀਕੇ ਨਾਲ ਚਲਾ ਰਹੇ ਹਨ । ਮਹੀਨੇ ਤੋਂ ਚੱਲ ਰਹੇ ਇਸ ਮੋਰਚੇ ‘ਚ ਪ੍ਰਦਰਸ਼ਨਕਾਰੀਆਂ ਵੱਲੋਂ ਨਾ ਹੀ ਕਿਸੇ ਸਰਕਾਰੀ ਜਾਂ ਨਿੱਜੀ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਨਾ ਹੀ ਕੋਈ ਆਪਸੀ ਲੜਾਈ ਜਾਂ ਵਖਰੇਵਾਂ ਦੇਖਣ ਨੂੰ ਮਿਿਲਆ। ਕਿਸਾਨ ਅੰਦੋਲਨ ਵਿਸ਼ਵ ਦਾ ਪਹਿਲਾ ਅੰਦੋਲਨ ਹੈ ਜਿਸ ਵਿੱਚ ਸਰਕਾਰ ਸਪਸ਼ਟ ਰੂਪ ‘ਚ ਖੁਦ ਸਰਕਾਰੀ ਅਤੇ ਨਿੱਜੀ ਸੰਪਤੀਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਜਿਵੇਂ ਰਾਸ਼ਟਰੀ ਅਤੇ ਰਾਜ ਮਾਰਗਾਂ ਨੂੰ ਖੋਦ ਕੇ 15-20 ਫੁੱਟ ਗਹਿਰੇ ਖੱਡੇ ਖੋਦ ਦਿਤੇ ਤਾਂ ਕਿ ਕਿਸਾਨ ਅੰਦੋਲਨ ਕਰਨ ਲਈ ਦੇਸ਼ ਦੀ ਰਾਜਧਾਨੀ ਦਿੱਲੀ ਤੱਕ ਨਾ ਪਹੁੰਚ ਸਕਣ । ਅੰਦੋਲਨਕਾਰੀਆਂ ਨੂੰ ਰੋਕਣ ਲਈ ਬੈਰੀਕੇਡਾਂ ਦੀਆਂ 7 ਪਰਤਾਂ ਬਣਾਈਆਂ ਗਈਆਂ, ਮਿੱਟੀ ਦੇ ਪਹਾੜ ਖੜੇ ਕੀਤੇ ਗਏ ਅਤੇ ਸੜਕ ਰੋਕਣ ਲਈ ਵੱਡੀ ਗਿਣਤੀ ‘ਚ ਸਰਕਾਰੀ ਅਤੇ ਗੈਰ ਸਰਕਾਰੀ ਵਾਹਨ ਵਰਤੇ ਗਏ । ਸਰਕਾਰ ਵੱਲੋਂ ਜੇਸੀਬੀ ਮਸ਼ੀਨਾਂ ਦੀ ਵਰਤੋਂ ਨਾਲ ਲਗਾਏ ਗਏ ਭਾਰੀ ਪੱਥਰ ਨੌਜਵਾਨਾਂ ਨੇ ਹੱਥਾਂ ਨਾਲ ਹੀ ਪਲਟ ਕੇ ਰਸਤੇ ਖਾਲੀ ਕਰ ਦਿੱਤੇ ਗਏ । ਇਹ ਪਹਿਲਾ ਅੰਦੋਲਨ ਹੈ ਜੋ ਇੱਕ ਸੂਬੇ ਵਿੱਚੋਂ ਸ਼ੁਰੂ ਹੋ ਕੇ ਦਿਨਾਂ ਵਿੱਚ ਹੀ ਦੇਸ਼ਵਿਆਪੀ ਬਣ ਗਿਆ ਜਿਸਨੂੰ ਭਾਰੀ ਅੰਤਰਰਾਸ਼ਟਰੀ ਸਮਰਥਨ ਮਿਲ ਰਿਹਾ ਹੈ । ਇਹ ਪਹਿਲੀ ਵਾਰ ਹੈ ਕਿ ਅੰਦੋਲਨਕਾਰੀਆਂ ਨੇ ਕੋਈ ਕਾਨੂੰਨ ਨਹੀਂ ਤੋੜਿਆ ਪਰੰਤੂ ਸਰਕਾਰ ਵਾਰ-ਵਾਰ ਕਾਨੂੰਨ ਛਿੱਕੇ ਟੰਗ ਕੇ ਅਸੰਵਿਧਾਨਿਕ ਕਾਰਵਾਈਆਂ ਕਰ ਰਹੀ ਹੈ । ਪਹਿਲੀ ਵਾਰ ਲੱਖਾਂ ਦੀ ਵੱਡੀ ਗਿਣਤੀ ‘ਚ ਟਰੈਕਟਰ-ਟਰਾਲੀਆਂ ਅੰਦੋਲਨ ਵਿੱਚ ਸ਼ਾਮਿਲ ਹੋਏ । ਪਹਿਲੀ ਵਾਰ ਮੋਰਚੇ ਦੀਆਂ ਸਾਰੀਆਂ ਬੁਨਿਆਦੀ ਸਹੂਲਤਾਂ ਅੰਦੋਲਨਕਾਰੀਆਂ ਵੱਲੋਂ ਖਾਣ-ਪੀਣ ਤੋਂ ਲੈ ਕੇ ਵਾਸ਼ਿਗ ਮਸ਼ੀਨ, ਮੋਬਾਈਲ ਚਾਰਜਿੰਗ ਦੀ ਸਹੂਲਤ, ਗਰਮ ਕੱਪੜੇ, ਟੁੱਥ ਪੇਸਟ, ਸ਼ੇਵਿੰਗ ਅਤੇ ਰੰਗਾਈ ਤੋਂ ਲੈ ਕੇ ਦੰਦਾਂ ਦੀ ਜਾਂਚ, ਜਿੰਮ ਤੱਕ ਇੱਕ ਹੀ ਥਾਂ ਤੇ ਲਗਾਇਆ ਗਿਆ ਹੈ ।1947 ਤੋਂ ਬਾਦ ਪਹਿਲੀ ਵਾਰ ਦੇਸ਼ ਭਰ ਦੇ ਲਗਭਗ 500 ਕਿਸਾਨ ਸੰਗਠਨ ਇਕੱਠੇ ਹੋ ਕੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ । ਹਜ਼ਾਰਾਂ ਧਾਰਮਿਕ, ਸਮਾਜਿਕ ਸੰਗਠਨ, ਸੰਤ, ਉਲਾਮਾ, ਟ੍ਰੇਡ ਯੂਨੀਅਨ, ਫਿਲਮ ਨਿਰਮਾਤਾ, ਕਲਾਕਾਰ, ਗੀਤਕਾਰ, ਲੇਖਕ, ਅਦਾਕਾਰ, ਪੱਤਰਕਾਰ, ਦੁਕਾਨਦਾਰ, ਫੈਕਟਰੀ ਮਾਲਕ, ਵਿਿਦਆਰਥੀ, ਸਰਕਾਰੀ ਅਤੇ ਗੈਰ ਸਰਕਾਰੀ ਕਰਮਚਾਰੀ, ਦਰਜੀ, ਨਾਈ, ਸਾਰੇ ਧਰਮਾਂ ਅਤੇ ਖੇਤਰਾਂ ਦੇ ਲੋਕ ਇਸ ਅੰਦੋਲਨ ‘ਚ ਸ਼ਾਮਲ ਹਨ ।
ਪਹਿਲੀ ਵਾਰ ਅਨੇਕਾਂ ਜੱਜ, ਵਕੀਲ, ਇੰਜਨੀਅਰ, ਡਾਕਟਰ, ਆਨ ਡਿਊਟੀ ਸੁਰੱਖਿਆ ਕਰਮੀਆਂ ਨੇ ਸਿੱਧੇ ਤੌਰ ਤੇ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਨ ਅਤੇ ਅੰਦੋਲਨ ਦਾ ਸਮਰਥਨ ਕਰ ਰਹੇ ਹਨ । ਪਹਿਲੀ ਵਾਰ ਨਿਹੰਗ ਸਿੰਘ ਸੰਗਠਨਾਂ ਨੇ ਅੰਦੋਲਨਕਾਰੀਆਂ ਦੀ ਸੁਰੱਖਿਆ ਲਈ ਦੇਸ਼ ਦੀਆਂ ਸੁਰੱਖਿਆ ਫੋਰਸਾਂ ਦੇ ਸਾਹਮਣੇ ਆਪਣੀ ਛਾਉਣੀ ਪਾਈ ਹੈ । ਪਹਿਲੀ ਵਾਰ ਹਿੰਦੂ-ਮੁਸਲਿਮ, ਹਿੰਦੂ-ਸਿੱਖ ਨਫਰਤ ਫੈਲਾਉਣ ਦਾ ਸਰਕਾਰ ਦਾ ਫਾਰਮੂਲਾ ਅਸਫਲ ਹੋਇਆ ਹੈ । ਪਹਿਲੀ ਵਾਰ ਸੋਸ਼ਲ ਮੀਡੀਆ ਨੇ ਦੇਸ਼ ਦੇ ਰਾਸ਼ਟਰੀ ਮੀਡੀਆ ਵੱਲੋਂ ਅੰਦੋਲਨਕਾਰੀਆਂ ਬਾਰੇ ਫੈਲਾਏ ਜਾਂਦੇ ਦੁਸ਼ਪ੍ਰਚਾਰ ਦਾ ਪਰਦਾਫਾਸ਼ ਕੀਤਾ ਅਤੇ ਅੰਤਰਰਾਸ਼ਟਰੀ ਪੱਧਰ ਤੇ ਅਖੌਤੀ ਮੀਡੀਆ ਦੇ ਝੂਠ ਨੂੰ ਨੰਗਾ ਕੀਤਾ । ਪਹਿਲੀ ਵਾਰ ਇੱਕ ਨਵਾਂ ਅਖਬਾਰ ਟ੍ਰਾਲੀ ਟਾਇਮਜ਼ ਜਾਰੀ ਅੰਦੋਲਨ ਦੌਰਾਨ ਸ਼ੁਰੂ ਹੋਇਆ । ਮੋਰਚੇ ਵਿੱਚ ਡੱਬਾਬੰਦ ਭੋਜਨ ਲੰਗਰ ਵਿੱਚ ਪਰੋਸਿਆ ਜਾਂਦਾ ਹੈ ਜਿਸ ਨਾਲ ਆਸ-ਪਾਸ ਦੇ ਸਥਾਨਕ ਗਰੀਬ ਲੋਕ ਵੱਡੀ ਗਿਣਤੀ ‘ਚ ਆ ਕੇ ਰੋਜ਼ਾਨਾ ਆਪਣਾ ਪੇਟ ਭਰਦੇ ਹਨ । ਅਸੀ ਰੱਬ ਤੋਂ ਇਹ ਦੁਆ ਕਰਦੇ ਹਾਂ ਕਿ ਇਸ ਅੰਦੋਲਨ ਨੂੰ ਸਬਰ, ਸਾਹਸ ਅਤੇ ਸੱਚਾਈ ਨਾਲ ਜਿੱਤ ਹਾਸਲ ਹੋਣ ਤੱਕ ਲੜਣ ਦੀ ਸ਼ਕਤੀ ਦੇਵੇ ।