ਚੰਡੀਗੜ੍ਹ – ਪੰਜਾਬ ਵਿਧਾਨ ਸਭਾ ‘ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਖ਼ਿਲਾਫ਼ ਪੇਸ਼ ਕੀਤੇ ਗਏ ਬਿੱਲ ਬਾਰੇ ਬੋਲਦਿਆਂ ਵਿਰੋਧੀ ਧਿਰ ਕਾਂਗਰਸ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ, ‘ਇਹ ਬਹੁਤ ਅਹਿਮ ਬਿੱਲ ਹੈ। ਮੁੱਖ-ਮੰਤਰੀ ਮਾਨ ਨੇ ਬੀਤੇ ਦਿਨ ਇਹ ਗੱਲ ਕਹੀ ਸੀ ਕਿ ਜੇਕਰ ਅਸੀਂ ਇਸ ਬਿੱਲ ਲਈ ਸਮਾਂ ਮੰਗ ਰਹੇ ਹਾਂ ਤਾਂ ਕੀ ਤੁਸੀਂ ਤਿਆਰ ਨਹੀਂ ਹੋ ਤਾਂ ਅਸੀਂ ਸਿਰਫ 12 ਘੰਟੇ ਮੰਗੇ ਸਨ। ਬੇਅਦਬੀ ਬਿੱਲ ‘ਤੇ ਅੱਜ ਪੂਰਾ ਦਿਨ ਬਹਿਸ ਹੋਣੀ ਚਾਹੀਦੀ ਹੈ। ਜੇਕਰ ਕੋਈ ਗ੍ਰੰਥ ਚੋਰੀ ਹੋ ਜਾਂਦਾ ਹੈ ਤਾਂ ਇਸ ਸਬੰਧੀ ਧਾਰਾ ਵੀ ਇਸ ਬਿੱਲ ‘ਚ ਜੋੜੀ ਜਾਵੇ। ਇਸ ਦੇ ਨਾਲ ਹੀ ਜਾਂਚ ਦਾ ਸਮਾਂ ਵੀ 30 ਦਿਨਾਂ ਦਾ ਤੈਅ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਵੀ ਜੇਕਰ ਜਾਂਚ ਮੁਕੰਮਲ ਨਹੀਂ ਹੋਈ ਤਾਂ ਡੀ. ਜੀ. ਪੀ. ਨੂੰ ਇਸ ਦੀ ਗੰਭੀਰਤਾ ਪਤਾ ਹੋਣੀ ਚਾਹੀਦੀ ਹੈ। ਜਿੱਥੇ ਵੀ ਜਾਂਚ ਗਲਤ ਪਾਈ ਜਾਵੇ ਤਾਂ ਉਸ ਅਧਿਕਾਰੀ ਖ਼ਿਲਾਫ਼ ਜਾਂਚ ਹੋਣੀ ਚਾਹੀਦੀ ਹੈ। ਕੋਈ ਵੀ ਧਾਰਮਿਕ ਧਰਨਾ ਕਿਤੇ ਵੀ ਹੋਵੇ, ਉੱਥੇ ਅਸਲ ਗੋਲੀਆਂ ਨਹੀਂ ਚੱਲਣੀਆਂ ਚਾਹੀਦੀਆਂ। ਆਮ ਆਦਮੀ ਪਾਰਟੀ ਨੇ ਉਹ ਬਿੱਲ ਪੇਸ਼ ਕੀਤਾ ਹੈ, ਜਿਹੜਾ ਸਾਲ 2018 ‘ਚ ਕਾਂਗਰਸ ਲੈ ਕੇ ਆਈ ਸੀ। ਸਭ ਤੋਂ ਵੱਡੀ ਬੇਅਦਬੀ ਸਾਲ 2015 ‘ਚ ਹੋਈ। ਫਿਰ ਬਰਗਾੜੀ ਕਾਂਡ ਹੋਇਆ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਨਸ਼ਟ ਕੀਤਾ ਗਿਆ ਸੀ। ਇਸ ਤੋਂ ਬਾਅਦ ਉੱਥੇ ਧਰਨੇ ਸ਼ੁਰੂ ਹੋ ਗਏ। ਇਸ ਘਟਨਾ ਤੋਂ ਦੁਖੀ ਸੰਗਤਾਂ ਜਦੋਂ ਧਰਨੇ ‘ਤੇ ਬੈਠ ਗਈਆਂ ਤਾਂ ਉਨ੍ਹਾਂ ‘ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਕਈ ਲੋਕ ਜ਼ਖਮੀ ਹੋਏ ਅਤੇ ਬਹਿਬਲ ਕਲਾਂ ‘ਚ 2 ਸਿੰਘ ਸ਼ਹੀਦ ਹੋ ਗਏ।’