ਅੰਮ੍ਰਿਤਸਰ – ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਸੇਵਾ ਤੋਂ ਹਟਾਏ ਜਾਣ ਮਗਰੋਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ, “ਧਾਰਮਿਕ ਸਥਾਨਾਂ, ਅਹੁਦਿਆਂ ਅਤੇ ਸੰਸਥਾਵਾਂ ਦਾ ਮਾਣ ਸਨਮਾਨ ਕਾਇਮ ਰੱਖਣਾ ਚਾਹੀਦਾ ਹੈ। ਅੰਤਰਿੰਗ ਕਮੇਟੀ ਦੇ ਫੈਸਲੇ ਤੋਂ ਬਾਅਦ ਪੈਦਾ ਹੋਈ ਸਥਿਤੀ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਕੁਝ ਵਾਪਰ ਰਿਹਾ ਹੈ ਉਹ ਸਾਡੀਆਂ ਸੰਸਥਾਵਾਂ ਦੇ ਹਿੱਤ ਵਿੱਚ ਨਹੀਂ ਹੈ।
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇਹ ਵੀ ਆਖਿਆ ਕਿ “ਜਿੰਨੀ ਦੇਰ ਗੁਰੂ ਨੇ ਸੇਵਾ ਬਖਸ਼ੀ ਹੈ, ਉਨ੍ਹਾਂ ਗੁਰੂ ਦੇ ਹੁਕਮ ਅੰਦਰ ਉਂਨਾ ਸਮਾਂ ਸੇਵਾ ਕੀਤੀ ਹੈ। ਉਹ ਗੁਰੂ ਦੇ ਹੁਕਮ ਵਿੱਚ ਖੁਸ਼ ਹਨ। ਇਸ ਫੈਸਲੇ ਤੋਂ ਬਾਅਦ ਅੱਜ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਹੈ। ਸ੍ਰੀ ਅਕਾਲ ਤਖਤ ਵਿਖੇ ਮੱਥਾ ਟੇਕਿਆ ਅਤੇ ਹੋਈਆਂ ਭੁੱਲਾਂ-ਚੁੱਕਾਂ ਦੀ ਖਿਮਾ ਯਾਚਨਾ ਤੇ ਸ਼ੁਕਰਾਨੇ ਦੀ ਅਰਦਾਸ ਕੀਤੀ ਹੈ। ਗੁਰੂ ਘਰ ਦੀ ਸੇਵਾ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਅਤੇ ਗੁਰੂ ਨੇ ਉਨ੍ਹਾਂ ਕੋਲੋਂ ਚੰਗੇ ਢੰਗ ਨਾਲ ਸੇਵਾ ਲਈ ਹੈ।”
ਵਰਨਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਬੀਤੇ ਕੱਲ ਹੋਈ ਮੀਟਿੰਗ ਵਿੱਚ ਉਨ੍ਹਾਂ ਦੀਆਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਵਜੋਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਹਨ। ਗਿਆਨੀ ਰਘਬੀਰ ਸਿੰਘ ਇਸ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਵੀ ਹਨ ਅਤੇ ਉਨ੍ਹਾਂ ਦੀਆਂ ਇਹ ਸੇਵਾਵਾਂ ਜਾਰੀ ਰੱਖੀਆਂ ਗਈਆਂ ਹਨ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵੱਲੋਂ ਅਚਨਚੇਤ ਜਥੇਦਾਰ ਦੀਆਂ ਸੇਵਾਵਾਂ ਖਤਮ ਕੀਤੇ ਜਾਣ ਦੇ ਫੈਸਲੇ ਦਾ ਸਿੱਖ ਜਥੇਬੰਦੀਆਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ।