India

ਨਕਵੀ ਤੇ ਆਰਸੀਪੀ ਸਿੰਘ ਦਾ ਮੰਤਰੀ ਅਹੁਦੇ ਤੋਂ ਅਸਤੀਫ਼ਾ, ਰਾਜ ਸਭਾ ਦਾ ਕਾਰਜਕਾਲ ਪੂਰਾ ਹੋਣ ਤੋਂ ਇਕ ਦਿਨ ਪਹਿਲਾਂ ਅਹੁਦਾ ਛੱਡਿਆ

ਨਵੀਂ ਦਿੱਲੀ – ਘੱਟ-ਗਿਣਤੀ ਮਾਮਲਿਆਂ ਦੇ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਸਟੀਲ ਮੰਤਰੀ ਆਰਸੀਪੀ ਸਿੰਘ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਨ੍ਹਾਂ ਦੋਵਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਵੀਰਵਾਰ ਨੂੰ ਖ਼ਤਮ ਹੋ ਰਹੀ ਸੀ, ਪਰ ਇਕ ਦਿਨ ਪਹਿਲਾਂ ਹੀ ਉਨ੍ਹਾਂ ਅਹੁਦਾ ਛੱਡ ਦਿੱਤਾ। ਬੁੱਧਵਾਰ ਦੀ ਸਵੇਰੇ ਕੈਬਨਿਟ ਦੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਲਈ ਯੋਗਦਾਨ ਵਿਚ ਦੋਵਾਂ ਦੀ ਸ਼ਲਾਘਾ ਕੀਤੀ ਸੀ।

ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਸਿਰਕੱਢ ਆਗੂ ਰਹੇ ਮੁਖਤਾਰ ਅੱਬਾਸ ਨਕਵੀ ਨੂੰ ਇਸ ਵਾਰ ਰਾਜ ਸਭਾ ਦੀ ਟਿਕਟ ਨਾ ਮਿਲਣ ਤੋਂ ਬਾਅਦ ਤੋਂ ਤਰ੍ਹਾਂ-ਤਰ੍ਹਾਂ ਦੇ ਕਿਆਸ ਲਾਏ ਜਾ ਰਹੇ ਸਨ। ਉਨ੍ਹਾਂ ਨੂੰ ਉਪ ਰਾਸ਼ਟਰਪਤੀ ਤੇ ਰਾਜਪਾਲ ਬਣਾਏ ਜਾਣ ਤਕ ਦੀਆਂ ਅਟਕਲਾਂ ਦਾ ਬਾਜ਼ਾਰ ਹਾਲੇ ਤਕ ਗਰਮ ਹੈ. ਉਹ ਅਟਲ ਬਿਹਾਰੀ ਵਾਜਪਾਈ ਸਰਕਾਰ ਵਿਚ ਮੰਤਰੀ ਸਨ ਅਤੇ ਮੋਦੀ ਸਰਕਾਰ ਦੇ ਪਹਿਲੇ ਅਤੇ ਦੂਜੇ ਕਾਰਜਕਾਲ ਵਿਚ ਵੀ ਉਨ੍ਹਾਂ ਨੂੰ ਕੈਬਨਿਟ ’ਚ ਥਾਂ ਦਿੱਤੀ ਗਈ ਸੀ। ਸੰਗਠਨ ਵਿਚ ਨਕਵੀ ਰਾਸ਼ਟਰੀ ਸੋਚ ਵਾਲੇ ਮੁਖਰ ਨੇਤਾ ਦੇ ਰੂਪ ਵਿਚ ਜਾਣੇ ਜਾਂਦੇ ਹਨ। ਸੰਗਠਨ ਵਿਚ ਉਨ੍ਹਾਂ ਵੱਖ-ਵੱਖ ਅਹੁਦਿਆਂ ’ਤੇ ਕੰਮ ਕੀਤਾ ਹੈ।

ਉਥੇ, ਕਦੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਵਿਸ਼ਵਾਸ ਪਾਤਰਾਂ ਵਿਚ ਸ਼ਾਮਲ ਆਰਸੀਪੀ ਸਿੰਘ ਨੂੰ ਵੀ ਇਸੇ ਲਈ ਸਰਕਾਰ ਤੋਂ ਅਸਤੀਫ਼ਾ ਦੇਣਾ ਪਿਆ ਹੈ ਕਿਉਂਕਿ ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ ਵੀਰਵਾਰ ਨੂੰ ਖ਼ਤਮ ਹੋ ਰਿਹਾ ਹੈ। ਜਨਤਾ ਦਲ (ਯੂ) ਨੇ ਇਸ ਵਾਰ ਉਨ੍ਹਾਂ ਨੂੰ ਰਾਜ ਸਭਾ ਦੀ ਟਿਕਟ ਨਹੀਂ ਦਿੱਤੀ ਸੀ। ਪਿਛਲੇ ਸਾਲ ਸੱਤ ਜੁਲਾਈ ਨੂੰ ਮੰਤਰੀ ਦੇ ਅਹੁਦੇ ਦੀ ਸਹੁੰ ਲੈਣ ਵਾਲੇ ਆਰਸੀਪੀ ਸਿੰਘ ਪੂਰੇ ਇਕ ਸਾਲ ਕੇਂਦਰੀ ਮੰਤਰੀ ਰਹੇ। ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਵੀ ਆਰਸੀਪੀ ਸਿੰਘ ਨਿਤਿਸ਼ ਸਰਕਾਰ ਵਿਚ ਬਿਹਾਰ ਦੇ ਮੁੱਖ ਸਕੱਤਰ ਸਨ, ਪਰ ਪਿਛਲੇ ਕੁਝ ਮਹੀਨਿਆਂ ਵਿਚ ਇਹ ਖ਼ਬਰਾਂ ਆਮ ਰਹੀਆਂ ਕਿ ਉਹ ਨਿਤਿਸ਼ ਦਾ ਵਿਸ਼ਵਾਸ ਗੁਆ ਚੁੱਕੇ ਹਨ। ਇਹ ਅਟਕਲਾਂ ਵੀ ਲੱਗਦੀਆਂ ਰਹੀਆਂ ਕਿ ਉਹ ਦੇਰ-ਸਵੇਰ ਭਾਜਪਾ ਵਿਚ ਸ਼ਾਮਲ ਹੋ ਸਕਦੇ ਹਨ। ਦੋ ਅਹਿਮ ਮੰਤਰੀਆਂ ਦੇ ਅਸਤੀਫ਼ੇ ਤੋਂ ਬਾਅਦ ਮੋਦੀ ਸਰਕਾਰ ’ਚ ਮੰਤਰੀ ਮੰਡਲ ਵਿਚ ਦੁਬਾਰਾ ਵਿਸਥਾਰ ਦੀ ਸੰਭਾਵਨਾ ਵਧ ਗਈ ਹੈ।

Related posts

ਪ੍ਰਧਾਨ ਮੰਤਰੀ ‘ਇੰਡੀਆ ਮੋਬਾਈਲ ਕਾਂਗਰਸ 2025’ ਦਾ ਉਦਘਾਟਨ ਕਰਨਗੇ !

admin

ਭਾਰਤ ਦਾ ਸੇਵਾਵਾਂ ਨਿਰਯਾਤ 14 ਪ੍ਰਤੀਸ਼ਤ ਵਧ ਕੇ 102 ਅਰਬ ਡਾਲਰ ਤੱਕ ਪੁੱਜਾ !

admin

ਬਿਹਾਰ ਵਿਧਾਨ ਸਭਾ ਚੋਣਾਂ 6 ਤੇ 11 ਨਵੰਬਰ ਨੂੰ : ਸਿਆਸੀ ਪਾਰਟੀਆਂ ਵਲੋਂ ਕਮਰਕੱਸੇ !

admin