Articles

ਨਕਾਬ ਤੋਂ ਮਾਸਕ ਬਣਕੇ ਮੇਰਾ ਹਰੇਕ ਦੇ ਮੂੰਹ ਤੱਕ ਪਹੁੰਚਣ ਦਾ ਸਫ਼ਰ !

ਲੇਖਕ: ਹਰਪਾਲ ਸਿੰਘ ਸੰਧੂ, ਮੈਲਬੌਰਨ

ਹਾਂ ਜੀ, ਮੈਂ ਮਾਸਕ ਹਾਂ। ਮੈਨੂੰ ਨਕਾਬ ਵੀ ਕਹਿੰਦੇ ਹਨ ਪਰ ਅੱਜ ਕੱਲ ਹਰ ਕਿਸੇ ਨੂੰ ਅੰਗਰੇਜ਼ੀ ਦੇ ਸ਼ਬਦ ਵਰਤਣਾ ਸੌਖਾ ਮਹਿਸੂਸ ਹੁੰਦਾ ਹੈ। ਸ਼ਾਇਦ ਇਸੇ ਕਰਕੇ ਪੰਜਾਬੀ ਬੋਲਣ ਵਾਲਿਆਂ ਨੇ ਵੀ ਮੈਨੂੰ ਮਾਸਕ ਵਜੋਂ ਹੀ ਸਵੀਕਾਰ ਕਰ ਲਿਆ ਹੈ। ਲੌਕਡਾਊਨ ਦੇ ਦਿਨਾਂ ਵਿੱਚ ਟੌਇਲਟ ਪੇਪਰ ਵਾਂਗ ਮੈਨੂੰ ਵੀ ਲੋਕਾਂ ਨੇ ਖਰੀਦ ਕੇ ਘਰਾਂ ਵਿੱਚ ਲੁਕਾ ਲਿਆ, ਮੈਂ ਸ਼ੌਪਿੰਗ ਸੈਂਟਰਾਂ ਅਤੇ ਕੈਮਿਸਟ ਦੀਆਂ ਦੁਕਾਨਾਂ ਵਿੱਚ ਲੱਭਿਆਂ ਨਹੀਂ ਲੱਭਦਾ ਸੀ, ਪਰ ਮੈਂ ਇਸ ਤਰ੍ਹਾਂ ਕਦੇ ਵੀ ਨਹੀਂ ਚਾਹੁੰਦਾ ਸੀ।

ਅੱਜ ਤੋਂ ਦੋ-ਤਿੰਨ ਸਾਲ ਪਹਿਲਾਂ ਮੈਨੂੰ ਸਿਰਫ਼ ਡਾਕਟਰ ਅਤੇ ਨਰਸਾਂ ਹੀ ਪਹਿਨਦੇ ਸਨ, ਖਾਸ ਕਰਕੇ ਉਪਰੇਸ਼ਨ ਕਰਨ ਵਾਲੇ ਥੀਏਟਰਾਂ ਵਿੱਚ। ਜਦੋਂ ਡਾਕਟਰ ਜਾਂ ਨਰਸ ਥੀਏਟਰ ਵਿੱਚੋਂ ਬਾਹਰ ਨਿਕਲ ਕੇ ਮੈਨੂੰ ਆਪਣੇ ਮੂੰਹ ਤੋਂ ਉਤਾਰਦੇ ਸਨ ਤਾਂ ਉਹਨਾਂ ਦੁਆਰਾ ਬੋਲਿਆ ਹਰ ਸ਼ਬਦ ਪਰਿਵਾਰ ਲਈ ਰੱਬ ਦਾ ਸੁਨੇਹਾ ਹੁੰਦਾ ਸੀ, ਫਿਰ ਇਹ ਬੱਚੇ ਦੇ ਜਨਮ ਦੀ ਖੁਸ਼ੀ ਦਾ ਹੋਵੇ ਜਾਂ ਕੁਝ ਹੋਰ।

ਮੈਂ ਆਪਣੇ ਪਾਉਣ ਵਾਲਿਆਂ ਵਿੱਚ ਕਦੇ ਵੀ ਕੋਈ ਵਿਤਕਰਾ ਨਹੀਂ ਕੀਤਾ ਹੈ। ਆਦਮੀ ਤੇ ਔਰਤਾਂ, ਅਮੀਰ ਤੇ ਗਰੀਬ, ਨੌਜਵਾਨ ਤੇ ਬਜ਼ੁਰਗ, ਪੜ੍ਹੇ ਲਿਖੇ ਅਤੇ ਅਨਪੜ੍ਹ, ਨੌਕਰੀ ਕਰਨ ਵਾਲੇ ਅਤੇ ਬੇ-ਰੁਜ਼ਗਾਰ, ਹਰ ਰੰਗ, ਨਸਲ ਅਤੇ ਦੇਸ਼ ਦੇ ਲੋਕੀਂ ਮੈਨੂੰ ਬੇਝਿਜਕ ਪਹਿਨਦੇ ਹਨ। ਮੇਰੀ ਹਮੇਸ਼ਾਂ ਦਿਲੀ ਇੱਛਾ ਰਹੀ ਹੈ ਕਿ ਮੈਨੂੰ ਸ਼ਰਮ ਨਾਲ ਮੂੰਹ ਛੁਪਾਉਣ ਲਈ ਕਦੇ ਵੀ ਨਾ ਵਰਤਿਆ ਜਾਵੇ।

ਇਕ ਤਾਂ ਵੈਸੇ ਹੀ ਤੁਹਾਨੂੰ ਆਪੋ ਵਿੱਚ ਮਿਲਿਆਂ ਨੂੰ ਦੋ ਸਾਲ ਹੋ ਚੱਲੇ ਹਨ, ਇਕ ਦੂਜੇ ਦੀਆਂ ਸ਼ਕਲਾਂ ਹੀ ਭੁੱਲੇ ਫਿਰਦੇ ਹੋ, ਇਸ ਦੇ ਉਪਰੋਂ ਮੈਨੂੰ ਚਿਹਰੇ ਉੱਤੇ ਪਾਏ ਹੋਣ ਕਰ ਕੇ ਮਿੱਤਰਾਂ ਪਿਆਰਿਆਂ ਨੂੰ ਤਾਂ ਪਛਾਨਣਾ ਹੀ ਮੁਸ਼ਕਿਲ ਹੋ ਗਿਆ ਹੈ। ਇਸ ਵਾਸਤੇ ਮੈਂ ਮੁਆਫ਼ੀ ਚਾਹੁੰਦਾ ਹਾਂ। ਲੋਕਾਂ ਦੀ ਆਰਥਿਕ ਹਾਲਤ ਨੂੰ ਧਿਆਨ ਵਿੱਚ ਰੱਖ ਕੇ ਮੈਂ ਉਹਨਾਂ ਦੇ ਕਈ ਖਰਚੇ ਘਟਾ ਦਿੱਤੇ ਹਨ। ਜਿਵੇਂ ਕਿ ਵੀਰਾਂ ਦੁਆਰਾ ਦਾੜੀ-ਮੁੱਛਾਂ ਰੰਗਣ ਨੂੰ ਅਤੇ ਬੀਬੀਆਂ ਭੈਣਾਂ ਦੁਆਰਾ ਮੈਨੂੰ ਚਿਹਰੇ ਉੱਤੇ ਪਾਈ ਰੱਖਣ ਕਰਕੇ ਸੁਰਖੀ-ਪਾਊਡਰ ਨੂੰ ਖਰੀਦਣ ਦੀ ਲੋੜ ਨਹੀਂ ਰਹੀ ਹੈ।

ਮੈਂ ਜਾਣਦਾ ਹਾਂ ਕਿ ਸੈਰ ਕਰਦਿਆਂ ਅਜਨਬੀ ਲੋਕਾਂ ਨੂੰ ਮੁਸਕਰਾਹਟ ਵੰਡਣੀ ਆਸਟ੍ਰੇਲੀਆ ਵਾਸੀਆਂ ਦੀ ਸ਼ਖਸ਼ੀਅਤ ਦਾ ਇਕ ਵੱਡਾ ਗੁਣ ਹੈ। ਮੈਂ ਸ਼ਰਮਿੰਦਾ ਹਾਂ ਕਿ ਮਾਸਕ ਪਾਇਆ ਹੋਣ ਕਰਕੇ ਉਹ ਆਪੋ ਵਿੱਚ ਮੁਸਕਰਾਹਟਾਂ ਸਾਂਝੀਆਂ ਨਹੀਂ ਕਰ ਸਕਦੇ ਹਨ। ਪਰ, ਬੱਲੇ ਬੱਲੇ ਉਹਨਾਂ ਲੋਕਾਂ ਦੇ ਜੋ ਅੱਖਾਂ ਨਾਲ ਅਤੇ ਸਿਰ ਹਿਲਾ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰੀ ਜਾ ਰਹੇ ਹਨ।

ਜਿਹੜੇ ਲੋਕ ਆਪਣੇ ਨੱਕ ਉੱਤੇ ਮੱਖੀ ਵੀ ਨਹੀਂ ਬੈਠਣ ਦਿੰਦੇ ਸਨ, ਮੈਂ ਉਹਨਾਂ ਦੇ ਨੱਕ ਦੀ ਨੋਕ ਉਪਰ ਬੈਠ ਕੇ ਉਹਨਾਂ ਦੇ ਮੂੰਹ ਨੂੰ ਵੀ ਢੱਕੀ ਰੱਖਦਾ ਹਾਂ। ਬਹੁਤੇ ਲੋਕਾਂ ਨੇ ਮੇਰੀ ਸਰਜੀਕਲ ਕਿਸਮ ਨੂੰ ਪਹਿਨਿਆ ਹੈ, ਜੋ ਕਿ ਕੀਮਤ ਵਿੱਚ ਵੀ ਸਸਤੀ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਵੱਖ-ਵੱਖ ਰੰਗਾਂ ਦੇ ਕਈ ਕਿਸਮ ਦੇ ਕੱਪੜਿਆਂ ਨਾਲ ਬਣਾਇਆ ਗਿਆ। ਅਮੀਰ ਲੋਕਾਂ ਨੇ ਆਪਣੇ ਪਹਿਰਾਵੇ ਨਾਲ ਮੇਲ ਕਰਕੇ ਮਹਿੰਗੀਆਂ ਕੰਪਨੀਆਂ ਦੇ ਬਣੇ ਮਾਸਕ ਪਾਏ ਹਨ। ਇਕ ਗੁਜਰਾਤੀ ਪਰਿਵਾਰ ਨੇ ਤਾਂ ਵਿਆਹ ਦੇ ਮੌਕੇ ‘ਤੇ ਮੈਨੂੰ ਸੋਨੇ ਦਾ ਬਣਾ ਦਿੱਤਾ ਅਤੇ ਮੇਰੇ ਉਪਰ ਮੀਨਾਕਾਰੀ ਕਰ ਦਿੱਤੀ।

ਆਪਣੀ ਸਿਹਤ ਅਤੇ ਜਿੰਦਗੀ ਨੂੰ ਦਾਅ ਉੱਤੇ ਲਾਉਣ ਵਾਲੇ ਬਹਾਦਰ ਡਾਕਟਰੀ ਕਰਮਚਾਰੀਆਂ ਨੇ ਮੇਰੀ ਵਧੀਆ ਕਿਸਮ N95 ਨੂੰ ਤਰਜੀਹ ਦਿੱਤੀ ਹੈ। ਮੈਂ ਉਹਨਾਂ ਦੀ ਇਸ ਬਹਾਦਰੀ ਨੂੰ ਸਲਾਮ ਕਰਦਾ ਹਾਂ। ਕਈ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਲੰਬੇ ਸਮੇਂ ਤੱਕ ਆਪਣੇ ਪਰਿਵਾਰਾਂ ਤੋਂ ਦੂਰ ਰਹਿਣਾ ਪਿਆ ਹੈ।

ਮੇਰੀ ਇਕ ਵੀਡੀਓ ਵੀ ਕਾਫੀ ਵਾਇਰਲ ਹੋਈ ਸੀ ਜਦੋਂ ਪੰਜਾਬ ਦੇ ਇਕ ਪਿੰਡ ਵਿੱਚ ਰਹਿਣ ਵਾਲੇ ਵਿਅਕਤੀ ਨੇ ਦੂਸਰੇ ਦੋਸਤ ਕੋਲੋਂ ਉਸ ਦਾ ਵਰਤਿਆ ਹੋਇਆ ਮਾਸਕ ਮੰਗਿਆ ਸੀ, ਤਾਂ ਜੋ ਉਹ ਸ਼ਹਿਰ ਗੇੜਾ ਮਾਰਨ ਜਾ ਸਕੇ। ਪਰ ਪਹਿਲੇ ਦੋਸਤ ਨੇ ਡਾਕਟਰੀ ਕਾਰਣਾਂ ਕਰਕੇ ਨਾਂਹ ਕਰ ਦਿੱਤੀ ਅਤੇ ਇਸੇ ਕਾਰਣ ਲੰਬੇ ਸਮੇਂ ਦੀ ਯਾਰੀ ਟੁੱਟ ਗਈ ਸੀ।

ਆਸਟ੍ਰੇਲੀਆ ਦੇ ਇਕ ਬਜ਼ੁਰਗ ਨੇ ਸ਼ਿਕਾਇਤ ਵੀ ਕੀਤੀ ਹੈ ਕਿ ਉਸ ਦੇ ਬੁੱਢੇ ਹੋ ਰਹੇ ਕੰਨ, ਐਨਕਾਂ ਦੇ ਨਾਲ-ਨਾਲ ਕੰਨਾਂ ਵਾਲੀ ਮਸ਼ੀਨ ਦਾ ਵੀ ਭਾਰ ਸਹਿ ਰਹੇ ਹਨ। ਹੁਣ ਉਸ ਸਤਿਕਾਰਯੋਗ ਬਜ਼ੁਰਗ ਦੇ ਕੰਨ ਮੇਰਾ ਮਾਸਕ ਵਜੋਂ ਭਾਰ ਸਹਿਣ ਜੋਗੇ ਨਹੀਂ ਰਹੇ ਹਨ।

ਕਈਆਂ ਲੋਕਾਂ ਨੇ ਮੈਨੂੰ ਨੱਕ ਅਤੇ ਮੂੰਹ ਉਪਰ ਪਾਈ ਰੱਖਣ ਦੀ ਬਜਾਏ ਉਤਾਂਹ ਨੂੰ ਖਿਸਕਾ ਕੇ ਮੱਥੇ ਉਪਰ ਕਰ ਲਿਆ ਜਾਂ ਥੱਲੇ ਨੂੰ ਖਿਸਕਾ ਕੇ ਠੋਡੀ ਜਾਂ ਗਲੇ ਤੱਕ ਖਿਸਕਾ ਲਿਆ। ਪਰ ਮੈਂ ਤਾਂ ਇਸ ਕੰਮ ਲਈ ਨਹੀਂ ਬਣਿਆ ਹਾਂ। ਉਹਨਾਂ ਵਿਅਕਤੀਆਂ ਦੀ ਗੱਲ ਹੋਰ ਹੈ ਜਿੰਨ੍ਹਾਂ ਨੂੰ ਕਿਸੇ ਬਿਮਾਰੀ ਕਰਕੇ ਸਾਹ ਲੈਣ ਵਿੱਚ ਔਖ ਹੁੰਦੀ ਹੈ। ਪਰ ਮੁਜ਼ਾਹਰੇ ਕਰਨ ਵਾਲਿਆਂ ਨਾਲ ਮੇਰਾ ਇਕ ਗਿਲਾ ਵੀ ਹੈ, ਉਹਨਾਂ ਨੇ ਸਰਕਾਰ ਦੇ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕਰਦੇ ਸਮੇਂ ਮੈਨੂੰ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨਾਲ ਮਹਾਂਮਾਰੀ ਨੂੰ ਭਾਈਚਾਰੇ ਵਿੱਚ ਹੋਰ ਵੀ ਫੈਲਣ ਦਾ ਮੌਕਾ ਮਿਲ ਗਿਆ।

ਮੇਰੀਆਂ ਤਣੀਆਂ ਦਸਤਾਰ ਜਾਂ ਪੱਗੜੀ ਬੰਨਣ ਵਾਲਿਆਂ ਲਈ ਕਾਫ਼ੀ ਲੰਬੀਆਂ ਨਹੀਂ ਹਨ। ਜਦੋਂ ਮੈਨੂੰ ਕਾਰਖਾਨਿਆਂ ਵਿੱਚ ਵੱਡੀ ਗਿਣਤੀ ਵਿੱਚ ਬਣਾਇਆ ਜਾਂਦਾ ਹੈ ਤਾਂ ਇਹਨਾਂ ਤਣੀਆਂ ਦੀ ਲੰਬਾਈ ਸਿਰਫ਼ ਕੰਨਾਂ ਦੁਆਲੇ ਵਲਣ ਜੋਗੀ ਹੀ ਹੁੰਦੀ ਹੈ। ਪਰ ਸਰਦਾਰ ਵੀਰ ਕਿੰਨੇ ਸਿਆਣੇ ਨੇ, ਉਹਨਾਂ ਨੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਮੇਰੀਆਂ ਤਣੀਆਂ ਨੂੰ ਲੰਬੀਆਂ ਕਰਨ ਦੇ ਇਕ ਤੋਂ ਇਕ ਵਧੀਆ ਤਰੀਕੇ ਲੱਭ ਲਏ ਹਨ।

ਅਤੇ ਅਖੀਰ ਵਿੱਚ ਇਕ ਵੱਖਰੇ ਜਿਹੇ ਵਿਚਾਰ ਵਾਲੀ ਗੱਲ। ਦੁਨੀਆਂ ਵਿੱਚ ਚੀਨ ਵਾਸੀਆਂ ਨੂੰ ਉਹਨਾਂ ਦੇ ਫੀਨੇ ਨੱਕ ਕਰਕੇ ਛੇੜਿਆ ਜਾਂਦਾ ਹੈ, ਭਾਂਵੇਂ ਕਿ ਇਸ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਹੈ, ਉਹਨਾਂ ਦੇ ਚਿਹਰੇ ਦੀ ਬਣਤਰ  ਤਾਂ ਰੱਬ ਦੀ ਦੇਣ ਹੈ। ਜਿਵੇਂ ਕਿ ਚੀਨ ਦੇਸ਼ ਦੇ ਵਾਸੀਆਂ ਨੂੰ ਛੱਡ ਕੇ ਸਾਰੀ ਦੁਨੀਆਂ ਦਾ ਅੰਦਾਜ਼ਾ ਹੈ ਕਿ ਕਰੋਨਾ ਚੀਨ ਦੇ ਇਕ ਸ਼ਹਿਰ ਵਿੱਚੋਂ 2019 ਦੇ ਅਖੀਰਲੇ ਮਹੀਨਿਆਂ ਵਿੱਚ ਸ਼ੁਰੂ ਹੋਇਆ ਸੀ। ਚੀਨ ਵਾਸੀਆਂ ਨੇ ਕਰੋਨਾ ਦਾ ਬਹਾਨਾ ਬਣਾ ਕੇ ਸਾਰੀ ਦੁਨੀਆਂ ਨੂੰ ਮਾਸਕ ਪੁਆ ਕੇ ਸਭ ਦੇ ਨੱਕ ਵੀ ਫੀਨੇ ਕਰ ਦੇਣੇ ਹਨ। ਇਸ ਤੋਂ ਬਾਅਦ ਕੋਈ ਵੀ ਚੀਨਿਆਂ ਨੂੰ ਉਹਨਾਂ ਦੇ ਫੀਨੇ ਨੱਕ ਕਰਕੇ ਛੇੜਿਆ ਨਹੀਂ ਕਰੇਗਾ।

ਮੈਂ ਕਦੇ ਵੀ ਨਹੀਂ ਸੀ ਚਾਹੁੰਦਾ ਕਿ ਮੇਰੇ ਕਾਰਨ ਕਿਸੇ ਨੂੰ ਜੁਰਮਾਨਾ ਹੋਵੇ। ਲੋਕੀਂ ਤਾਂ ਪਹਿਲਾਂ ਹੀ ਆਰਥਿਕ ਤੰਗੀਆਂ ਵਿੱਚ ਦੀ ਲੰਘ ਰਹੇ ਹਨ। ਸ਼ੁਰੂ ਸ਼ੁਰੂ ਵਿੱਚ ਤਾਂ ਪੁਲੀਸ ਕਾਫੀ ਸਖ਼ਤ ਸੀ ਅਤੇ ਬਹੁਤ ਗਿਣਤੀ ਵਿੱਚ ਜੁਰਮਾਨੇ ਹੋਏ, ਪਰ ਅੱਜ ਕੱਲ੍ਹ ਜੁਰਮਾਨਾ ਲਗਾਉਣ ਤੋਂ ਪਹਿਲਾਂ ਉਹ ਮਾਸਕ ਪਹਿਨ ਲੈਣ ਦੀ ਚੇਤਾਵਨੀ ਦਿੰਦੇ ਹਨ। ਜਦੋਂ ਨੌਕਰੀ ਦੇ ਬੰਨੇ ਕਰਮਚਾਰੀਆਂ ਨੇ ਗਾਹਕਾਂ ਨੂੰ ਮਾਸਕ ਪਾਉਣ ਲਈ ਬੇਨਤੀ ਕੀਤੀ ਤਾਂ ਲੜਾਈ ਝਗੜੇ ਵੀ ਹੋਏ।

ਮੈਨੂੰ ਰਾਜਨੀਤੀ ਵਿੱਚ ਵੀ ਘਸੀਟਿਆ ਗਿਆ ਹੈ। ਵਿਰੋਧੀ ਧਿਰ ਦੇ ਨੇਤਾਵਾਂ ਨੇ ਮੈਨੂੰ ਆਮ ਜਨਤਾ ਦੁਆਰਾ ਪਹਿਨਣਾ ਲਾਗੂ ਕਰਨ ਜਾਂ ਨਾ ਲਾਗੂ ਕਰਨ ਕਰਕੇ ਹਰ ਵੇਲੇ ਸਰਕਾਰ ਦੀ ਖਿੱਚਾਈ ਕੀਤੀ ਹੈ, ਪਰ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ ਹਾਂ। ਸਾਡੇ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੂੰ ਕਾਰ ਪਾਰਕ ਵਿੱਚ ਮਾਸਕ ਨਾ ਪਹਿਨਣ ਕਰਕੇ ਮੀਡੀਆ ਨੇ ਵੱਡੀ ਖਬਰ ਬਣਾ ਦਿੱਤਾ ਅਤੇ ਵਿਕਟੋਰੀਆ ਪੁਲੀਸ ਨੇ ਉਹਨਾਂ ਨੂੰ ਜੁਰਮਾਨਾ ਠੋਕ ਦਿੱਤਾ।

ਅੱਜ ਕੱਲ ਮੈਂ ਫੁੱਟ-ਪਾਥਾਂ ਅਤੇ ਸੜਕਾਂ ਉੱਤੇ ਰੁਲਿਆ ਫਿਰਦਾ ਹਾਂ। ਮੈਂ ਇਸ ਤਰੀਕੇ ਨਾਲ ਕੂੜੇ-ਕਰਕਟ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਹਾਂ। ਮੈਂ ਤੁਹਾਡੇ ਸਾਰਿਆਂ ਦੀ ਸੇਵਾ ਕੀਤੀ ਹੈ, ਇਸ ਲਈ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਸਹੀ ਤਰੀਕੇ ਨਾਲ ਵਰਤੋਂ ਕਰਨ ਤੋਂ ਬਾਅਦ ਧੰਨਵਾਦ ਸਹਿਤ ਮੈਨੂੰ ਕੂੜੇਦਾਨ ਵਿੱਚ ਪਾਓ। ਇਸ ਨਵੇਂ ਸਾਲ ਵਿੱਚ 2022 ਵਿੱਚ ਮੇਰੀ ਰੱਬ ਅੱਗੇ ਅਰਦਾਸ ਹੈ ਕਿ ਆਪ ਸਭ ਨੂੰ ਮੇਰੀ ਲੋੜ ਹੀ ਨਾ ਪਵੇ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਗਰਮ ਮੌਸਮ ਨਾਲ ਬਰਫ਼ ਪਿਘਲਣ ਕਰਕੇ ਵਿਸ਼ਵ ਜਲਵਾਯੂ ‘ਚ ਨਕਾਰਾਤਮਕ ਬਦਲਾਅ ਦਾ ਖਤਰਾ !

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin