ਬਠਿੰਡਾ – ਗੁਲਾਬੀ ਸੁੰਡੀ ਅਤੇ ਬੇਮੌਸਮੀ ਬਾਰਸ਼ ਕਾਰਨ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਬੀ ਕੇ ਯੂ ਉਗਰਾਹਾਂ ਨਾਲ ਸੰਬੰਧਤ ਪੰਜ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਅੱਜ ਬਠਿੰਡਾ ਦੇ ਮਿੰਨੀ ਸਕੱਤਰੇਤ ਦਾ ਘਿਰਾਓ ਕਰ ਲਿਆ। ਪੰਜ ਜ਼ਿਲ੍ਹਿਆਂ ਦੇ ਵੱਡੀ ਗਿਣਤੀ ਕਿਸਾਨਾਂ ਨੇ ਬਠਿੰਡਾ ਸ਼ਹਿਰ ਵਿੱਚ ਆਉਣ ਤੋਂ ਬਾਅਦ ਜਾਮ ਵਰਗੀ ਸਥਿਤੀ ਬਣ ਗਈ। ਬੱਸਾਂ ਸਮੇਤ ਹੋਰ ਟਰੈਫਿਕ ਨੂੰ ਦੂਸਰੇ ਰਸਤੇ ਰਾਹੀਂ ਚਲਾਇਆ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਲਾਬੀ ਸੁੰਡੀ ਅਤੇ ਮੀਂਹ ਕਾਰਨ ਨਰਮੇ ਦੀ ਫ਼ਸਲ ਦਾ ਸੌ ਫ਼ੀਸਦੀ ਨੁਕਸਾਨ ਹੋ ਚੁੱਕਾ ਹੈ ਪਰ ਪੰਜਾਬ ਸਰਕਾਰ ਨੇ ਅਜੇ ਤਕ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮੁਆਵਜ਼ੇ ਦਾ ਐਲਾਨ ਕਰਨਾ ਤਾਂ ਦੂਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਖ਼ਰਾਬ ਫਸਲਾਂ ਦੀ ਗਿਰਦਾਵਰੀ ਵੀ ਨਹੀਂ ਕਰਵਾਈ ਜਾ ਸਕੀ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਬਾਦਲ ਪਿੰਡ ਵਿਚਲੇ ਘਰ ਦਾ ਘਿਰਾਓ ਕੀਤਾ ਗਿਆ ਸੀ ਪਰ ਇਸਦੇ ਬਾਵਜੂਦ ਵੀ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ । ਉਨ੍ਹਾਂ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਸੱਠ ਹਜ਼ਾਰ ਰੁਪਏ ਪ੍ਰਤੀ ਏਕੜ ਕਿਸਾਨਾਂ ਨੂੰ ਖਰਾਬ ਫਸਲ ਦਾ ਮੁਆਵਜ਼ਾ ਨਹੀਂ ਦਿੰਦੀ ਉਦੋਂ ਤੱਕ ਮਿੰਨੀ ਸਕੱਤਰੇਤ ਦਾ ਘਿਰਾਓ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮਿੰਨੀ ਸਕੱਤਰੇਤ ਦੇ ਘਿਰਾਓ ਵਿੱਚ ਪੰਜ ਜ਼ਿਲ੍ਹਿਆਂ ਦੇ ਕਿਸਾਨ ਸ਼ਾਮਲ ਹਨ