ਅਬੂਜਾ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਈਜੀਰੀਆ ਦੇ ਰਾਸ਼ਟਰਪਤੀ ਨੂੰ ਸਿਲੋਫਰ ਪੰਚਾਮਿ੍ਰਤ ਕਲਸ਼ ਭੇਂਟ ਕੀਤਾ ਹੈ। ਇਹ ਕੋਲਹਾਪੁਰ, ਮਹਾਰਾਸ਼ਟਰ ਦੀ ਰਵਾਇਤੀ ਕਾਰੀਗਰੀ ਦੀ ਇੱਕ ਸ਼ਾਨਦਾਰ ਉਦਾਹਰਣ ਹੈ। ਸਿਲੋਫਰ ਪੰਚਾਮਿ੍ਰਤ ਕਲਸ਼ ਉੱਚ ਗੁਣਵੱਤਾ ਵਾਲੀ ਚਾਂਦੀ ਦਾ ਬਣਿਆ ਹੈ, ਜਿਸ ਨੂੰ ਹੁਨਰ ਅਤੇ ਸ਼ੁੱਧਤਾ ਨਾਲ ਆਕਾਰ ਦਿੱਤਾ ਗਿਆ ਹੈ। ਇਸ ਵਿੱਚ ਕੋਲਹਾਪੁਰ ਦੇ ਮਸ਼ਹੂਰ ਧਾਤੂ ਦੇ ਕੰਮ ਦੀ ਵਿਸ਼ੇਸ਼ਤਾ ਵਾਲੀ ਸੁੰਦਰ ਨੱਕਾਸ਼ੀ ਹੈ, ਜਿਸ ਵਿੱਚ ਅਕਸਰ ਫੁੱਲਾਂ ਦੇ ਪੈਟਰਨ, ਦੇਵਤਾਵਾਂ ਦੀਆਂ ਤਸਵੀਰਾਂ ਅਤੇ ਰਵਾਇਤੀ ਕੋਲਹਾਪੁਰ ਡਿਜ਼ਾਈਨ ਸ਼ਾਮਲ ਹੁੰਦੇ ਹਨ। ਕਲਸ਼ ਦੇ ਹੈਂਡਲ ਅਤੇ ਢੱਕਣ ਨੂੰ ਧਾਰਮਿਕ ਰਸਮਾਂ ਦੌਰਾਨ ਵਰਤੋਂ ਵਿੱਚ ਆਸਾਨੀ ਪ੍ਰਦਾਨ ਕਰਨ ਲਈ ਖ਼ਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਜਿੱਥੋ ਪੰਚਾਮਿ੍ਰਤ – ਦੁੱਧ, ਦਹੀਂ, ਘਿਓ, ਸ਼ਹਿਦ ਅਤੇ ਚੀਨੀ ਦਾ ਇੱਕ ਪਵਿੱਤਰ ਮਿਸ਼ਰਣ – ਪਰੋਸਿਆ ਜਾਂਦਾ ਹੈ। ਇੱਥੇ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ 3 ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਦੇ ਹਿੱਸੇ ਵਜੋਂ ਐਤਵਾਰ ਨੂੰ ਨਾਈਜੀਰੀਆ ਪਹੁੰਚੇ ਸਨ। ਜਿੱਥੋਂ ਉਹ ਜੀ-20 ਸੰਮੇਲਨ ‘ਚ ਹਿੱਸਾ ਲੈਣ ਲਈ ਸੋਮਵਾਰ ਨੂੰ ਬ੍ਰਾਜ਼ੀਲ ਦੇ ਰੀਓ ਡੀ ਜੇਨੇਰੀਓ ਪਹੁੰਚੇ। ਇਸ ਮਗਰੋਂ ਉਹ ਗੁਆਨਾ ਵੀ ਜਾਣਗੇ। ਨਾਈਜੀਰੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਦੀ ਪਹਿਲੀ ਸਰਕਾਰੀ ਫੇਰੀ ਦੌਰਾਨ ਗ੍ਰੈਂਡ ਕਮਾਂਡਰ ਆਫ਼ ਦਿ ਆਰਡਰ ਆਫ਼ ਨਾਈਜਰ (ਸੀਜੀਓਐਨ) ਦਾ ਰਾਸ਼ਟਰੀ ਸਨਮਾਨ ਵੀ ਪ੍ਰਦਾਨ ਕੀਤਾ।