ਚੰਡੀਗੜ੍ਹ – ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ‘ਚ ਕੇਸ ਦਰਜ ਹੋਣ ਦੇ ਬਾਵਜੂਦ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਹੀ ਪਾਰਟੀ ਦੀ ਸਰਕਾਰ ‘ਤੇ ਉਂਗਲ ਚੁੱਕਣ ‘ਤੇ ਅੱਜ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸਿੱਧੂ ਗਲਤ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਉਨ੍ਹਾਂ ਖ਼ਿਲਾਫ਼ ਕੋਈ ਕੇਸ ਨਹੀਂ ਹੋ ਰਿਹਾ ਸੀ। ਜਿਵੇਂ ਹੀ ਮੇਰੇ ਕੋਲ ਗ੍ਰਹਿ ਵਿਭਾਗ ਆਇਆ, ਅਸੀਂ ਅਦਾਲਤ ‘ਚ ਐਸਟੀਐਫ ਦੀ ਰਿਪੋਰਟ ਖੋਲ੍ਹਣ ਦੀ ਮੰਗ ਕੀਤੀ ਜਿਸ ‘ਤੇ ਹਾਈਕੋਰਟ ਨੇ ਕਿਹਾ ਕਿ ਡਰੱਗਜ਼ ਮਾਮਲੇ ਦੀ ਜਾਂਚ ‘ਤੇ ਕੋਈ ਰੋਕ ਨਹੀਂ ਹੈ। ਰੰਧਾਵਾ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ ਦੇ ਆਧਾਰ ‘ਤੇ ਅਸੀਂ ਐਫਆਈਆਰ ਦਰਜ ਕੀਤੀ ਹੈ। ਸਿੱਧੂ ਹੁਣ ਜੋ ਵੀ ਕਹਿ ਰਹੇ ਹਨ ਉਹ ਗਲਤ ਹੈ। ਸੁਖਜਿੰਦਰ ਸਿੰਘ ਰੰਧਾਵਾ ਅੱਜ ਇੱਥੇ ਕਾਂਗਰਸ ਦੀ ਕੌਮੀ ਤਰਜਮਾਨ ਅਲਕਾ ਲਾਂਬਾ ਨਾਲ ਪ੍ਰੈਸ ਕਾਨਫਰੰਸ ਕਰ ਰਹੇ ਸਨ। ਹਾਲਾਂਕਿ ਇਸ ਦੌਰਾਨ ਕਈ ਵਾਰ ਉਹ ਪੱਤਰਕਾਰਾਂ ਦੇ ਸਵਾਲ ‘ਤੇ ਭੜਕ ਵੀ ਗਏ। ਬਿਕਰਮ ਮਜੀਠੀਆ ‘ਤੇ ਦਰਜ ਕੇਸ ਨੂੰ ਕਮਜ਼ੋਰ ਕਹਿਣ ‘ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਬਾਰੇ ਸੁਖਜਿੰਦਰ ਰੰਧਾਵਾ ਤੇ ਅਲਕਾ ਲਾਂਬਾ ਨੇ ਕਿਹਾ ਕਿ ਜਿਸ ਵਿਅਕਤੀ ਨੇ ਮਜੀਠੀਆ ‘ਤੇ ਨਸ਼ਿਆਂ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਅਤੇ ਬਾਅਦ ‘ਚ ਲਿਖਤੀ ਮਾਫ਼ੀ ਮੰਗ ਲਈ, ਉਹ ਅਜਿਹੀਆਂ ਗੱਲਾਂ ਕਰਦਾ ਚੰਗਾ ਨਹੀਂ ਲਗਦਾ। ਅਲਕਾ ਲਾਂਬਾ ਨੇ ਕਿਹਾ ਕਿ ਅਸੀਂ ਸਮਝਦੇ ਸੀ ਕਿ ਮਜੀਠੀਆ ਖਿਲਾਫ ਮਾਮਲਾ ਦਰਜ ਕਰਨ ‘ਤੇ ਸਾਡੀ ਸਰਕਾਰ ਦੇ ਕਦਮ ਨੂੰ ਹਰ ਕੋਈ ਜਾਇਜ਼ ਠਹਿਰਾਏਗਾ, ਪਰ ਅਸੀਂ ਹੈਰਾਨ ਹਾਂ ਕਿ ਅਕਾਲੀਆਂ ਦੇ ਨਾਲ-ਨਾਲ ਆਮ ਆਦਮੀ ਪਾਰਟੀ ਅਤੇ ਸਾਡੇ ਹੀ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਮਜੀਠੀਆ ਦੇ ਬਚਾਅ ਦੀਆਂ ਗੱਲਾਂ ਕਰ ਰਹੇ ਹਨ। ਰੰਧਾਵਾ ਨੇ ਕਿਹਾ ਕਿ ਮੈਂ ਅੱਜ ਤਕ ਕਿਸੇ ਗਿੱਦੜ ਨੂੰ ਲੁਕਦਿਆਂ ਨਹੀਂ ਦੇਖਿਆ, ਇਹ ਪਹਿਲਾ ਗਿੱਦੜ ਹੈ ਜੋ ਗ੍ਰਿਫਤਾਰੀ ਦੇ ਡਰੋਂ ਭੱਜ ਰਿਹਾ ਹੈ। ਅਲਕਾ ਲਾਂਬਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ‘ਉੜਤਾ ਪੰਜਾਬ’ ਦੀ ਗੱਲ ਚੱਲਦੀ ਸੀ, ਅੱਜ ‘ਮਜੀਠੀਆ’ ਦੀ ਗੱਲ ਚੱਲ ਰਹੀ ਹੈ। 5 ਜਨਵਰੀ ਨੂੰ ਹਾਈਕੋਰਟ ‘ਚ ਬਿਕਰਮ ਦੀ ਜ਼ਮਾਨਤ ਨੂੰ ਲੈ ਕੇ ਫਿਰ ਤੋਂ ਪੇਸ਼ੀ ਹੈ। ਕਾਨੂੰਨ ਆਪਣਾ ਕੰਮ ਨਿਰਪੱਖਤਾ ਨਾਲ ਕਰ ਰਿਹਾ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ 2019 ਵਿਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਿਕਾਇਤ ਦੇ ਕੇ ਮੇਰੇ ਖਿਲਾਫ ਜਾਂਚ ਕਰਵਾਈ ਗਈ। ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਤਕਾਲੀ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਤੋਂ ਜਾਂਚ ਐਸਆਈਟੀ ਤੋਂ ਕਰਵਾਈ ਸੀ। ਇਸ ਵਿਚ ਮੇਰੇ ਗੈਂਗਸਟਰਾਂ ਨਾਲ ਕੀ ਸਬੰਧ ਹਨ। ਇਸ ਵਿੱਚ ਇਲਜ਼ਾਮ ਲਾਏ ਗਏ ਤੇ SIT ‘ਚ ਮਜੀਠੀਆ ਦਾ ਨਾਂ ਆਇਆ, ਮੇਰਾ ਨਹੀਂ। ਉਨ੍ਹਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਸ਼ਹੀਦੀ ਦਿਹਾੜੇ ‘ਤੇ ਉਨ੍ਹਾਂ ਦੀ ਗੱਲ ਕਰਨ ਦੀ ਬਜਾਏ ਨਸ਼ਾ ਤਸਕਰਾਂ ਨੂੰ ਬਚਾਉਣ ਲਈ ਮੋਰਚਾ ਲਗਾ ਰਿਹਾ ਹੈ। ਜਦੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਪੁੱਛਿਆ ਗਿਆ ਕਿ ਤੁਹਾਡੀ ਪਾਰਟੀ ਦੇ ਮੁਖੀ ਨਵਜੋਤ ਸਿੱਧੂ ਕੇਸ ਦਰਜ ਹੋਣ ਤੋਂ ਸੰਤੁਸ਼ਟ ਨਹੀਂ ਹਨ ਤੇ ਦੋਸ਼ ਲਗਾ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਗਲਤ ਬੋਲ ਰਹੇ ਹਨ।