ਚੰਡੀਗੜ੍ਹ – ਪੰਜਾਬ ਕਾਂਗਰਸ ਦੀ ਰਾਜਨੀਤੀ ’ਚ ਵੱਡੀ ਹਲਚਲ ਮੱਚ ਸਕਦੀ ਹੈ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਚਾਨਕ ਕੈਬਨਿਟ ਮੰਤਰੀ ਪ੍ਰਗਟ ਸਿੰਘ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਨਾਲ ਦਿੱਲੀ ਪਹੁੰਚੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਨੇਤਾ ਦਿੱਲੀ ’ਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਗਏ ਹਨ। ਇਹ ਨੇਤਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਸਰਕਾਰ ਖ਼ਿਲਾਫ਼ ਕੀਤੀਆਂ ਜਾ ਰਹੀਆਂ ਟਿੱਪਣੀਆਂ ਤੋਂ ਨਾਰਾਜ਼ ਹਨ ਅਤੇ ਸਿੱਧੂ ਦੀ ਸ਼ਿਕਾਇਤ ਰਾਹੁਲ ਨੂੰ ਕਰਨਾ ਚਾਹੁੰਦੇ ਹਨ। ਇਨ੍ਹਾਂ ’ਚੋਂ ਪ੍ਰਗਟ ਸਿੰਘ ਸਿੱਧੂ ਦੇ ਸਭ ਤੋਂ ਜ਼ਿਆਦਾ ਨਜ਼ਦੀਕੀ ਲੋਕਾਂ ’ਚ ਮੰਨੇ ਜਾਂਦੇ ਹਨ।ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਭਾਰਤ ਭੂਸ਼ਣ ਆਸ਼ੂ ਖੁੱਲ੍ਹ ਕੇ ਸਿੱਧੂ ਦੀਆਂ ਟਿੱਪਣੀਆਂ ਨੂੰ ਲੈ ਕੇ ਨਾਰਾਜ਼ਗੀ ਵੀ ਪ੍ਰਗਟਾ ਚੁੱਕੇ ਹਨ। ਰੰਧਾਵਾ ਨੇ ਤਾਂ ਸਿੱਧੂ ਨੂੰ ਇੱਥੋਂ ਤਕ ਕਹਿ ਦਿੱਤਾ ਕਿ ਉਹ ਆਪਣੀ ਜ਼ੁਬਾਨ ਬੰਦ ਰੱਖਣ। ਰੰਧਾਵਾ ਨੇ ਬੀਤੇ ਦਿਨੀ ਵੀ ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਿੱਧੂ ਮਜੀਠੀਆ ਖ਼ਿਲਾਫ਼ ਕੇਸ ਦੇ ਮਾਮਲੇ ’ਚ ਗਲਤ ਬਿਆਨਬਾਜ਼ੀ ਕਰ ਰਹੇ ਹਨ। ਉਨ੍ਹਾਂ ਸਿੱਧੂ ਨੂੰ ਅਜਿਹੀ ਬਿਆਨਬਾਜ਼ੀ ਨਾ ਕਰਨ ਦੀ ਨਸੀਹਤ ਵੀ ਦਿੱਤੀ ਹੈ।ਸੂਤਰਾਂ ਅਨੁਸਾਰ, ਪੰਜਾਬ ਚੋਣਾਂ ਨੂੰ ਵੇਖਦੇ ਹੋਏ ਇਹ ਨੇਤਾ ਚਿੰਤਤ ਹਨ ਕਿ ਕਿਤੇ ਸਿੱਧੂ ਦੇ ਬਿਆਨਾਂ ਕਾਰਨ ਪਾਰਟੀ ਨੂੰ ਨੁਕਸਾਨ ਨਾ ਸਹਿਣਾ ਪਵੇ। ਇਸੇ ਦੇ ਮੱਦੇਨਜ਼ਰ ਉਹ ਰਾਹੁਲ ਗਾਂਧੀ ਨੂੰ ਮਿਲ ਕੇ ਸਿੱਧੂ ਦੀਆਂ ਟਿੱਪਣੀਆਂ ਬਾਰੇ ਉਨ੍ਹਾਂ ਨੂੰ ਦੱਸਣਾ ਚਾਹੁੰਦੇ ਹਨ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਸੁਖਜਿੰਦਰ ਸਿੰਘ ਰੰਧਾਵਾ ਚਾਹੁੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਪਾਰਟੀ ਦੀ ਕਮਾਨ ਉਨ੍ਹਾਂ ਨੂੰ ਸੌਂਪੀ ਜਾਵੇ।ਖ਼ਾਸ ਗੱਲ ਇਹ ਹੈ ਕਿ ਇਹ ਉਹੀ ਨੇਤਾ ਹਨ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸੀਐੱਮ ਅਹੁਦੇ ਤੋਂ ਹਟਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ ਅਤੇ ਉਦੋਂ ਨਵਜਤੋ ਸਿੰਘ ਸਿੱਧੂ ਦਾ ਖੁੱਲ੍ਹ ਕੇ ਸਾਥ ਦਿੱਤਾ ਸੀ। ਪ੍ਰਗਟ ਸਿੰਘ ਤਾਂ ਸਿੱਧੂ ਦੇ ਸਭ ਤੋਂ ਜ਼ਿਆਦਾ ਨਜ਼ਦੀਕੀ ਲੋਕਾਂ ’ਚ ਸ਼ਾਮਲ ਰਹੇ ਹਨ। ਹੁਣ ਅਚਾਨਕ ਇਨ੍ਹਾਂ ਆਗੂਆਂ ਦਾ ਇਕਜੁਟ ਹੋ ਕੇ ਦਿੱਲੀ ਰਾਹੁਲ ਗਾਂਧੀ ਨੂੰ ਮਿਲਣ ਜਾਣਾ ਪਾਰਟੀ ਦੇ ਅੰਦਰ ਮਚੇ ਘਮਸਾਨ ਨੂੰ ਦੱਸਦਾ ਹੈ। ਪੰਜਾਬ ’ਚ ਕਾਂਗਰਸ ਤਮਾਮ ਯਤਨਾਂ ਤੋਂ ਬਾਅਦ ਵੀ ਆਗੂਆਂ ਨੂੰ ਇਕਜੁਟ ਕਰਨ ’ਚ ਅਸਫਲ ਰਹੀ ਹੈ। ਚੰਨੀ ਦੇ ਸੀਐੱਮ ਬਣਨ ਤੋਂ ਬਾਅਦ ਉਮੀਦ ਸੀ ਕਿ ਹੁਣ ਰਾਜ ’ਚ ਕਾਂਗਰਸ ’ਚ ਮਚਿਆ ਘਮਸਾਨ ਸ਼ਾਂਤ ਹੋਵੇਗਾ, ਪਰ ਚੰਨੀ ਦੇ ਸਹੁੰ ਚੁੱਕਣ ਤੋਂ 10 ਦਿਨਾਂ ਬਾਅਦ ਹੀ ਸਿੱਧੂ ਨੇ ਏਜੀ ਤੇ ਡੀਜੀ ਨੂੰ ਅਹੁਦੇ ਤੋਂ ਹਟਾਉਣ ਲਈ ਸੂਬਾ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਤੋਂ ਬਾਅਦ ਚੰਨੀ ਤੇ ਸਿੱਧੂ ਵਿਕਚਾਰ ਦੀ ਕੈਮਿਸਟਰੀ ਖ਼ਰਾਬ ਹੋ ਗਈ। ਹਾਲਾਂਕਿ, ਬਾਅਦ ’ਚ ਏਜੀ ਤੇ ਡੀਜੀ ਨੂੰ ਬਦਲ ਦਿੱਤਾ ਗਿਆ, ਪਰ ਪਾਰਟੀ ਦੇ ਅੰਦਰ ਘਮਸਾਨ ਹੋਰ ਤੇਜ਼ ਹੋ ਗਿਆ ਹੈ।
previous post