
ਬਾਬਾ ਜੀ! ਆਹ ਰਾਹ ਦੱਸਿਓ ਕਿੱਧਰ ਨੂੰ ਜਾਂਦਾ ਏ..? ਸੱਥ ਕੋਲੋ ਲੰਘਦੇ ਹੋਏ ਜਤਿੰਦਰ ਨੇ ਪੁੱਛਿਆ।
ਕਾਕਾ ਤੂੰ ਜਾਣਾਂ ਕਿੱਥੇ ਆ? ਤਾਸ਼ ਦੀ ਥਾਉਕੀ ਲਾਉਂਦੇ ਹੋਏ ਨੇ ਬਾਬੇ ਨੇ ਆਖਿਆ।
ਅਸੀਂ ਕਿੱਲਿਆਂਵਾਲੀ ਜਾਣਾਂ ਐ…
ਉਹ ਜਵਾਨੋਂ ਏਧਰੋਂ ਖੱਬੇ ਹੋ ਜੋ…ਅੱਗੇ ਸੜਕ ਆਉ, ਫਿਰ ਸੱਜੇ ਹੋ ਜਾਇਉ..ਉਹ ਸਿੱਧੀ ਸੜਕ ਜਾਉ..
ਉਹ ਜੈਲਿਆ ਕਾਨੂੰ ਗਲਤ ਰਾਹ ਪਾਈ ਜਾਨਾਂ ਜੁਆਕਾਂ ਨੂੰ..
ਉਹ ਕਾਕਾ ਪਿੰਡ ਦੀ ਫਿਰਨੀ ਤੋਂ ਸੜਕ ਮੁੜੂ ਉਹ ਸਿਧੀ ਜਾਉ ਕਿਲਿਆਂਵਾਲੀ ਨੂੰ …
ਅਜੇ ਤੁਰਨ ਹੀ ਲੱਗੇ । ਇੰਨੇ ਨੂੰ ਉਨ੍ਹਾਂ ਸਾਰਿਆਂ ‘ਚ ਘੁਸਰ ਮੁਸਰ ਹੋਣ ਲੱਗੀ।
ਸਹਿਮੀ ਜਿਹੀ ਅਵਾਜ਼ ਇਕ ਬਾਪੂ ਬੋਲਿਆ…”ਓ ਬੱਲਿਆ!ਸਾਹਮਣੇ ਸੜਕ ਆਉ..ਫਿਰ ਖੱਬੇ ਮੁੜ ਜੀ।ਅਗੋਂ ਹਰਪਾਲ ਦੀ ਹੱਟੀ ਤੋਂ ਫਿਰਨੀ ਆਉ..ਫਿਰ ਬੰਤੇ ਦੀ ਦੁਕਾਨ ਤੋਂ ਸੜਕ ਜਾਉ ..ਅਗੋਂ ਕੱਚਾ ਨਾਲਾ ਲੰਘ ਕੇ ਸਿੱਧਾ ਹੀ ਰਾਹੇ ਪੈ ਜਾਈ..
ਠੀਕ ਐ ਠੀਕ ਐ ..ਬਜ਼ੁਰਗੋਂ! ਫਿਰ ਮਿਲਾਂਗੇ..
ਰਮਨ ਨੇ ਗੱਲ ਹਾਸੇ ‘ਚ ਲੈਂਦੇ ਨੇ ਆਖਿਆ ਏਦੂ ਚੰਗਾਂ ਤਾਂ ਆਪਾਂ ਗੂਗਲ ਮੈਪ ਹੀ ਲਾ ਲੈਂਦੇ।
ਹਾਂ! ਉਹ ਤਾਂ ਠੀਕ ਹੈ ਪਰ ਤੂੰ ਇਕ ਗਲ ਨੋਟ ਕੀਤੀ? ਕਿਹੜੀ?
ਕਿ ਘੱਟ ਪੜ੍ਹੇ ਲਿਖੇ ਬੰਦੇ ਵੀ ਰਾਹ ਇਸ ਤਰ੍ਹਾਂ ਦੱਸ ਰਹੇ ਸੀ ਜਿਵੇਂ ਉਨ੍ਹਾਂ ਤੋਂ ਵਧੀਆ ਸਾਨੂੰ ਕੋਈ ਰਾਹ ਨਹੀਂ ਦੱਸ ਸਕਦਾ,,ਜੇ ਅਨਪੜ੍ਹਾਂ ਦਾ ਇਹ ਹਾਲ ਐ ਤੇ ਆਪਣੇ ਵਰਗਿਆਂ ਦਾ ਕੀ ਹੋਵੂ?
ਗੱਲ ਤਾਂ ਤੇਰੀ ਠੀਕ ਐ ਜਤਿੰਦਰ।
ਰਾਹ ਵੀ ਇਕ ਸੀ ਤੇ ਸਾਰਿਆਂ ਹੀ ਠੀਕ ਦੱਸਿਆ। ਬਸ ਹਰ ਕੋਈ ਇਹੀ ਚਾਹੁੰਦਾ ਸੀ ਕਿ ਮੇਰੇ ਦੱਸੇ ਰਾਹ ਤੇ ਚੱਲੇ।
ਪਿੰਡ ਪਾਰ ਕਰਦਿਆਂ ਹੀ ਉਹ ਕਿੱਲਿਆਂਵਾਲੀ ਰਾਹ ਪੈ ਗਏ।
ਇਕ ਪਿੰਡ ਦੇ ਨੇੜਿਉ ਲੰਘੇ ਤਾਂ ਜਤਿੰਦਰ ਬੋਲਿਆ ,,,ਰਮਨ!ਇਥੇ ਮੇਰੀ ਭੂਆ ਰਹਿੰਦੀ ਏ ਮਿਲਦੇ ਚੱਲੀਏ… ਫਿਰ ਆਖੂ ਕੋਲੋ ਈ ਲੰਘ ਗਏ।
ਜਿਵੇਂ ਤੈਨੂੰ ਠੀਕ ਲਗੇ..ਰਮਨ ਨੇ ਆਖਿਆ।
ਘਰ ਪਹੁੰਚੇ।ਚਾਹ ਪਾਣੀ ਪੀਤਾ ਤੇ ਗੱਲਾਂ ਕਰਨ ਲੱਗ ਪਏ ।
ਭੂਆ ਆਖਣ ਲੱਗੀ ਜੀਤਿਆ! ਕਮਲ ਨੇ ਹੁਣ ਬਾਰਾਂ ਕਰ ਲਈਆਂ ਨੇ ਇਨੂ ਕਿੱਥੇ ਪੜ੍ਹਨੇ ਪਾਈਏ?
ਇਹ ਕੱਲ ਸ਼ਹਿਰ ਕਾਲਜ ਵੀ ਪਤਾ ਕਰ ਆਈ ਐ …
ਭੂਆ ਦੀ ਗੱਲ ਅਜੇ ਚੱਲ ਹੀ ਰਹੀ ਸੀ ਕਿ ਗੁਆਂਢੀਆਂ ਦੇ ਜੁਆਕ ਕੋਲ ਆ ਬੈਠੇ ।
ਇਕ ਬੋਲਿਆ.. ਤਾਈ! ਉੱਥੇ ਪੜ੍ਹਾਉਣ ਦਾ ਫਾਇਦਾ ਕੋਈ ਨਹੀਂ …ਮੈ ਵੀ ਓਥੋਂ ਪੜ੍ਹਿਆਂ ਆ..ਕੋਈ ਪੜ੍ਹਾ ਕੇ ਖੁਸ਼ ਨਹੀਂ।
ਪ੍ਰੋਫੈਸਰਾਂ ਦੀ ਆਪਸੀ ਨਹੀਂ ਬਣਦੀ।ਇਕ ਦੂਜੇ ਦੀ ਖਿੱਚੋਤਾਣ ‘ਚ ਲੱਗੇ ਰਹਿੰਦੇ।
ਕੋਲ ਖੜੀ ਨਿੰਮੋ ਬੋਲੀ “ਇਹ ਗਲ ਤਾਂ ਵੈਸੇ ਠੀਕ ਐ ਚਾਚੀ ਮੈਨੂੰ ਵੀ ਸਾਲ ਹੋ ਗਿਆ ਉਥੇ ਪੜ੍ਹਦੀ ਨੂੰ ਬਸ ਜਿੰਨਾ ਕੁ ਆਪ ਪੜ੍ਹ ਲਈਏ ਬਸ ਉਹੀ ਪੱਕਾ ਏ…ਸਾਡੇ ਪ੍ਰੋਫੈਸਰ ਤਾਂ ਨਿੱਤ ਤਨਖਾਹਾਂ ਦਾ ਰੌਲਾ ਪਾਈ ਰੱਖਦੇ ਨੇ..।”
ਜਤਿੰਦਰ ਆਖਣ ਲੱਗਿਆ “ਪੜ੍ਹਨਾ ਤਾਂ ਭੂਆ ਕਮਲ ਨੇ ਹੀ ਐ…ਅਧਿਆਪਕਾਂ ਦਾ ਚੰਗਾ ਗਾਈਡ ਕੀਤਾ ਹੀ ਹਮੇਸ਼ਾ ਕੰਮ ਆਉਂਦਾ”।
ਨਿੰਮੋ ਕਹਿਣ ਲੱਗੀ ,,,”ਜਤਿੰਦਰ ਤੈਨੂੰ ਨਹੀਂ ਪਤਾ ਉਥੋਂ ਦੇ ਮਹੌਲ ਦਾ..ਉਥੇ ਤਾਂ ਇਹੋ ਜਿਹੇ ਲੋਕ ਵੀ ਨੇ ਜਿਹੜੇ ਪ੍ਰਿੰਸੀਪਲ ਤੋਂ ਲੈ ਕੇ ਚਪੜਾਸੀ ਤੱਕ ਦੀ ਚਾਪਲੂਸੀ ਕਰਦੇ ਨੇ।ਜਿੰਨਾ ਚਿਰ ਸਾਰੇ ਜਾਣੇ ਇਕ ਦੂਜੇ ਦੀ ਚੁਗਲੀ ਨਾ ਕਰਨ ਇਨ੍ਹਾਂ ਦਾ ਤਾਂ ਦਿਨ ਹੀ ਨਹੀਂ ਲੰਘਦਾ…ਮੈਨੂੰ ਪਤਾ ਮੈਂ ਕਿਵੇ ਦਿਨ ਕਟ ਰਹੀ ਆ.. ਤੁਸੀ ਕਿਸੇ ਪ੍ਰਾਈਵੇਟ ਕਾਲਜ ਪੜ੍ਹਨੇ ਪਾ ਦਿਉ..
ਜਤਿੰਦਰ ਨੇ ਜਵਾਬ ਦਿੰਦਿਆਂ ਆਖਿਆ,, ਭੈਣੇ!ਇਹ ਤਾਂ ਹਰ ਕਿਤੇ ਚਲਦਾ।ਸੰਸਥਾ ਕਦੇ ਮਾੜੀ ਨਹੀਂ ਹੁੰਦੀ।ਨਾਲੇ ਜਿੱਥੋਂ ਪੜ੍ਹ ਕੇ ਜਾਈਏ ਉਨੂ ਕਦੇ ਮਾੜਾ ਨਹੀਂ ਆਖੀਦਾ।ਕਮਲ ਜਦੋਂ ਤੂੰ ਕੁਝ ਬਣ ਗਈ ਤੂੰ ਇਸੇ ਕਾਲਜ ਨੂੰ ਸਲਾਮ ਕਰਿਆ ਕਰੇਂਗੀ।
ਭੂਆ ਜੇ ਕਮਲ ਨੂੰ ਠੀਕ ਲਗਦਾ ਤਾਂ ਪਾ ਦਿਉ ਪੜ੍ਹਨੇ..।ਹੁਣ ਅਸੀਂ ਚਲਦੇ ਆ..ਫਿਰ ਮਿਲਾਂਗੇ।
ਰਮਨ ਆਖਣ ਲੱਗਿਆ ..”ਜਤਿੰਦਰ !ਤੂੰ ਕੋਈ ਜੋਰ ਦੇ ਕੇ ਸਲਾਹ ਨਹੀਂ ਦਿੱਤੀ ਕਿ ਕਮਲ ਨੂੰ ਕਿਹੜੇ ਕਾਲਜ ਲਾਉਣਾ ਚਾਹੀਦਾ ?
ਰਮਨ! ਅਜੇ ਬਥੇਰਿਆਂ ਤੋਂ ਭੂਆ ਨੇ ਪੁੱਛਣਾ ਤੇ ਬਥੇਰਿਆਂ ਨੇ ਸਲਾਹਾਂ ਦੇਣੀਆਂ…।
ਸਾਡਾ ਮਾਸਟਰ ਆਖਿਆ ਕਰਦਾ ਸੀ ਕਿ ਜਰੂਰੀ ਨਹੀਂ ਕਿ ਏ.ਸੀ. ਆਲੇ ਸਕੂਲਾਂ ‘ਚ ਹੀ ਪੜ੍ਹਾਈ ਵਧੀਆ ਹੁੰਦੀ ਹੋਵੇ। ਬੱਚਾ ਪੜ੍ਹਨ ਵਾਲਾ ਹੋਣਾ ਚਾਹੀਦਾ।ਮੈਂ ਤਾਂ ਘਰੋਂ ਬੋਰੀ ਲਿਜਾ ਕੇ ਮਾਸਟਰਾਂ ਦੇ ਚਰਨਾਂ ‘ਚ ਬੈਠ ਕੇ ਪੜ੍ਹ ਵਾਲੇ ਵੀ ਅਫਸਰ ਬਣਦੇ ਦੇਖੇ ਨੇ…
ਸਹੀ ਗੱਲ ਹੈ ਵੈਸੇ ਤੇਰੀ..ਰਮਨ ਨੇ ਸਿਰ ਹਿਲਾਉਂਦੇ ਹੋਏ ਨੇ ਆਖਿਆ।
ਸਲਾਹਾਂ ਦਾ ਕੀ ਐ ਜਿਹੜੇ ਕੋਲ ਖੜ੍ਹ ਜਾਵਾਂਗੇ ਉਹੀ ਦੇਣ ਲੱਗ ਜਾਉ।ਨਾਲੇ ਪਿੱਛੇ ਰਾਹ ਪੁੱਛ ਕੇ ਦੇਖ ਤਾਂ ਲਿਆ।ਹਰ ਕੋਈ ਚਾਹੁੰਦਾ ਕਿ ਮੇਰੇ ਦੱਸੇ ਰਾਹ ਤੇ ਚੱਲੇ….।