ਅੰਮ੍ਰਿਤਸਰ – ਖਾਲਸਾ ਕਾਲਜ ਗਵਰਨਿੰਗ ਕੌਂਸਲ ਦਾ ਮਕਸਦ ਬੱਚਿਆਂ ਨੂੰ ਉਚ ਤਾਲੀਮ ਤੇ ਹੋਰਨਾਂ ਸਰਗਰਮੀਆਂ ’ਚ ਅਵੱਲ ਲਿਆਉਣ ਲਈ ਹਰ ਸੁਵਿਧਾ ਪ੍ਰਦਾਨ ਕਰਨਾ ਹੈੈ, ਉਥੇ ਸਿਹਤਮੰਦ ਸਮਾਜ ਦੀ ਸਿਰਜਨਾ ਦੇ ਮਿੱਥੇ ਟੀਚੇ ਤਹਿਤ ਆਮ ਲੋਕਾਂ ਦੀ ਸਹੂਲਤ ਲਈ ਲੈਬਰੋਟਰੀ, ਡਿਸਪੈਂਸਰੀ ਅਤੇ ਫਿਜੀਓਥਰੈਪੀ ਵੀ ਸਥਾਪਿਤ ਕੀਤੀ ਗਈ ਹੈ ਤਾਂ ਜੋ ਉਹ ਵਾਜਿਬ ਰੇਟਾਂ ’ਤੇ ਆਪਣਾ ਇਲਾਜ ਕਰਵਾ ਸਕਣ। ਜਿਸ ਦੇ ਮੱਦੇਨਜਰ ਦੂਰ—ਦੁਰਾਂਡੇ ਤੋਂ ਆਉਂਦੇ ਰੋਗੀਆਂ ਨੂੰ ਸਹੂਲਤ ਮੁਹੱਈਆ ਕਰਵਾਉਂਦੇ ਹੋਏ ਖਾਲਸਾ ਕਾਲਜ ਫਾਰ ਵੂਮੈਨ ਦੇ ਨਾਲ ਜੀ. ਟੀ. ਰੋਡ ’ਤੇ ਵੀ ਫਿਜੀਓਥਰੈਪੀ ਓ. ਪੀ. ਡੀ. ਸਥਾਪਿਤ ਕਰ ਦਿੱਤੀ ਗਈ ਹੈ, ਜਿਸ ਨਾਲ ਹੁਣ ਨਾਲ ਲੱਗਦੇ ਇਲਾਕੇ ਅਤੇ ਸਰਹੱਦੀ ਖੇਤਰ ਤੋਂ ਆਉਂਦੇ ਮਰੀਜ਼ ਬਾਹਰ ਮੁੱਖ ਸੜਕ ’ਤ ਹੀ ਇਸ ਦਾ ਫਾਇਦਾ ਲੈ ਸਕਣਗੇ।
ਉਕਤ ਸ਼ਬਦਾਂ ਦਾ ਇਜਹਾਰ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਫਿਜੀਓਥਰੈਪੀ ਓ. ਪੀ. ਡੀ. ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਅਤੇ ਪ੍ਰੋਜੈਕਟ ਮੈਨੇਜ਼ਰ ਸ੍ਰੀ ਐਨ. ਕੇ. ਸ਼ਰਮਾ ਵੀ ਮੌਜ਼ੂਦ ਸਨ। ਇਸ ਮੌਕੇ ਡਾ. ਮਹਿਲ ਸਿੰਘ ਨੇ ਉਕਤ ਓ. ਪੀ. ਡੀ. ਸੈਂਟਰ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਚਾਂਸਲਰ ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਅਤੇ ’ਵਰਸਿਟੀ ਦੇ ਪ੍ਰੋ—ਚਾਂਸਲਰ ਤੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੁਆਰਾ ਹਰੇਕ ਇਨਸਾਨ ਦੀ ਸਹਾਇਤਾ ਕਰਨ ਦਾ ਇਕ ਹੋਰ ਸੁਪਨਾ ਅੱਜ ਸੱਚ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਕਤ ਸੈਂਟਰ ਵਿਖੇ ਆਰਥੋਪੈਡਿਕ, ਨਿਊਰੋ ਅਤੇ ਪਲਮਨਰੀ ਰੀਹੈਬਿਲੀਟੇਸ਼ਨ ’ਚ ਗਰਦਨ, ਪਿੱਠ ਦੀ ਦਰਦ, ਮੋਢਾ ਆਕੜਨਾ, ਸ਼ਿਆਟਿਕਾ, ਡਿਸਕ ਪ੍ਰੋਲੈਪਸ, ਗੋਡਿਆਂ ’ਚ ਦਰਦ, ਟੈਨਿਸ ਐਲਬੋਅ, ਗਿੱਟੇ ਦੀ ਦਰਦ, ਬੈਲਜ ਪਾਲਸੀ, ਸੈਰੇਬਰਲ, ਖੇਡ ਦੌਰਾਨ ਲੱਗੀਆਂ ਸੱਟਾਂ, ਅਧਰੰਗ, ਨਿਊਰੋ ਦੇ ਆਪ੍ਰੇਸ਼ਨ ਬਾਅਦ ਦਾ ਫਿਜੀਓਥਰੈਪੀ ਨਾਲ ਇਲਾਜ, ਹੱਡੀਆਂ, ਜੋੜਾਂ ਦਾ ਆਪ੍ਰੇਸ਼ਨ ਤੋਂ ਬਾਅਦ ਦਾ ਇਲਾਜ ਅਤੇ ਸਾਹ ਪ੍ਰਣਾਲੀ ਦੇ ਰੋਗਾਂ ਲਈ ਪਲਮਨਰੀ ਪੁਨਰਵਾਸ ਆਦਿ ਸੇਵਾਵਾਂ ਮਰੀਜ਼ਾਂ ਨੂੰ ਪ੍ਰਦਾਨ ਕੀਤੀਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਅਦਾਰੇ ਅੰਦਰ ਅਨੁਸ਼ਾਸ਼ਨ ਅਤੇ ਕਈ ਵਾਰ ਮਰੀਜ਼ ਨਾ ਜਾਣ ਦੇ ਹਾਲਤ ਨੂੰ ਧਿਆਨ ’ਚ ਰੱਖ ਕੇ ਉਕਤ ਓ. ਪੀ. ਡੀ. ਬਾਹਰ ਜੀ. ਟੀ. ਰੋਡ ’ਤੇ ਉਨ੍ਹਾਂ ਦੀ ਸੇਵਾ ਲਈ ਖੋਲ੍ਹੀ ਗਈ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮਰੀਜ਼ਾਂ ਲਈ ਟੈਸਟਿੰਗ ਲੈਬ ਇੱਥੇ ਖੋਲ੍ਹੀ ਗਈ ਹੈ ਤਾਂ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਉਪ ਕੁਲਪਤੀ ਨੇ ਕਿਹਾ ਕਿ ਉਕਤ ਸੈਂਟਰ ’ਤੇ ਮਰੀਜ਼ਾਂ ਦਾ ਇਲਾਜ ਬਹੁਤ ਵਾਜਿਬ ਰੇਟਾਂ ’ਤੇ ਕੀਤਾ ਜਾਵੇਗਾ, ਜਿੱਥੇ ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਸੇਵਾ ’ਚ ਹਮੇਸ਼ਾਂ ਹਾਜ਼ਰ ਹੋਵੇਗੀ।ਉਨ੍ਹਾਂ ਨੇ ਪੀੜਤ ਲੋਕਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕਰਦਿਆਂ ਉਕਤ ਟੀਮ ਨਾਲ ਹਾਜ਼ਰ ਡਾ. ਵਰਿੰਦਰ ਕੌਰ ਓ. ਪੀ. ਡੀ. ਦੀ ਸਥਾਪਨਾ ’ਤੇ ਸ਼ੁਭਇੱਛਾਵਾਂ ਦਿੱਤੀਆਂ।
ਇਸ ਮੌਕੇ ਡਾ. ਵਰਿੰਦਰ ਕੌਰ ਨੇ ਸ: ਮਜੀਠੀਆ ਅਤੇ ਸ: ਛੀਨਾ ਵੱਲੋਂ ਦਿੱਤੇ ਗਏ ਸਹਿਯੋਗ ਅਤੇ ਡਾ. ਮਹਿਲ ਸਿੰਘ ਦੁਆਰਾ ਸੈਂਟਰ ਦੇ ਉਦਘਾਟਨ ਲਈ ਧੰਨਵਾਦ ਕਰਦਿਆਂ ਸ਼ਹਿਰ ਵਾਸੀਆਂ ਨੂੰ ਵਧੀਆ ਇਲਾਜ ਦਾ ਭਰੋਸਾ ਦਿੰਦਿਆਂ ਇਸ ਤੋਂ ਲਾਹਾ ਲੈਣ ਦੀ ਗੱਲ ਦੁਹਰਾਈ। ਇਸ ਮੌਕੇ ਡਾ. ਸੰਦੀਪ ਕੌਰ, ਅਸਿਸਟੈਂਟ ਡਾ. ਅਰਪਨ ਤੋਂ ਇਲਾਵਾ ਹੋਰ ਟੀਮ ਹਾਜ਼ਰ ਸੀ।