ਲਹਿਰਾਗਾਗਾ – ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣਾ ਦਿਮਾਗੀ ਤਵਾਜ਼ਨ ਖੋ ਚੁੱਕੇ ਹਨ ਜਿਸ ਕਰਕੇ ਉਬ ਬੋਲਣ ਲੱਗਿਆਂ ਵੀ ਨਹੀਂ ਸੋਚਦੇ। ਇਹ ਵਿਚਾਰ ਆਮ ਆਦਮੀ ਪਾਰਟੀ ਤੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਸਿੱਧੂ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਐਲਾਨੀਆਂ ਸਹੂਲਤਾਂ ’ਤੇ ਟੀਕਾ ਟਿੱਪਣੀ ਕਰਦੇ ਹਨ ਕਿ ਖਜ਼ਾਨੇ ’ਚ ਪੈਸਾ ਨਹੀਂ ਇਹ ਮੰਗਾਂ ਕਿੱਥੋਂ ਪੂਰੀਆਂ ਕਰਨਗੇ ਤੇ ਹੁਣ ਔਰਤਾਂ ਨੂੰ 2000 ਰੁਪਏ ਮਹੀਨਾ ਪੈਨਸ਼ਨ 8 ਸਿਲੰਡਰ ਫਰੀ ਅਤੇ ਹੋਰ ਅਨੇਕਾਂ ਸਹੂਲਤਾਂ ਐਲਾਨ ਰਹੇ ਹਨ ਤਾਂ ਇਹ ਦੱਸਣ ਕਿ ਪੈਸਾ ਕਿੱਥੋਂ ਆਵੇਗਾ? ਕੋਰੋਨਾ ਦੀ ਆ ਰਹੀ ਚੌਥੀ ਲਹਿਰ ਸਬੰਧੀ ਉਨ੍ਹਾਂ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਨ੍ਹਾਂ ਨੂੰ ਟੀਕਾਕਰਨ ’ਚ ਤੇਜ਼ੀ ਲਿਆਉਣੀ ਚਾਹੀਦੀ ਹੈ ਅਤੇ ਲੋਕਾਂ ਨੂੰ ਸੁਚੇਤ ਕਰਨਾ ਚਾਹੀਦਾ ਹੈ। ਸਿਹਤ ਸਹੂਲਤਾਂ ਜੋ ਦਿੱਲੀ ਵਿਖੇ ਸਿਖਰਾਂ ’ਤੇ ਹਨ, ਇੱਥੇ ਵੀ ਚੰਨੀ ਸਰਕਾਰ ਨੂੰ ਸਹੂਲਤਾਂ ਵਾਲੇ ਪਾਸੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਵਾਸੀ ਸੁਰੱਖਿਅਤ ਰਹਿ ਸਕਣ। ਇਸ ਸਮੇਂ ਆਪ ਦੇ ਸ਼ੀਸ਼ਪਾਲ ਆਨੰਦ, ਕੰਵਰਜੀਤ ਸਿੰਘ ਕੁੱਕੀ ਲਦਾਲ, ਮੋਹਿਤ ਕੁਮਾਰ ਅਤੇ ਹੋਰ ਵੀ ਪਾਰਟੀ ਵਰਕਰ ਅਤੇ ਆਗੂ ਮੌਜੂਦ ਸਨ।