ਨਵੀਂ ਦਿੱਲੀ – ਗੁਜਰਾਤ ’ਚ 5,000 ਕਰੋੜ ਰੁਪਏ ਦੀ ਕੋਕੀਨ ਫੜੇ ਜਾਣ ਤੋਂ ਇਕ ਦਿਨ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਕਿਹਾ ਕਿ ਨਸ਼ਿਆਂ ਵਿਰੁੱਧ ਸਖ਼ਤੀ ਨਾਲ ਮੁਹਿੰਮ ਜਾਰੀ ਰਹੇਗੀ। ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੌਜਵਾਨਾਂ ਨੂੰ ਨਸ਼ਿਆਂ ਦੇ ਸੰਕਟ ’ਚੋਂ ਬਾਹਰ ਕੱਢ ਕੇ ਨਸ਼ਾ ਮੁਕਤ ਭਾਰਤ ਬਣਾਉਣ ਲਈ ਵਚਨਬੱਧ ਹੈ। ਮੈਂ ਦਿੱਲੀ ਪੁਲਿਸ ਨੂੰ 13,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਸਫ਼ਲ ਅਭਿਆਨਾਂ ਲਈ ਵਧਾਈ ਦਿੰਦਾ ਹਾਂ, ਜਿਸ ਵਿਚ ਹਾਲ ਹੀ ਵਿਚ ਗੁਜਰਾਤ ਪੁਲਿਸ ਦੇ ਸਹਿਯੋਗ ਨਾਲ 5,000 ਕਰੋੜ ਰੁਪਏ ਦੀ ਕੋਕੀਨ ਦੀ ਬਰਾਮਦਗੀ ਵੀ ਸ਼ਾਮਲ ਹੈ। ਨਸ਼ੇ ਦੇ
ਕਾਰੋਬਾਰ ਵਿਰੁੱਧ ਮੁਹਿੰਮ ਬਿਨਾਂ ਕਿਸੇ ਢਿੱਲ ਦੇ ਜਾਰੀ ਰਹੇਗੀ। ਦਿੱਲੀ ਪੁਲਸ ਅਤੇ ਗੁਜਰਾਤ ਪੁਲਸ ਨੇ ਐਤਵਾਰ ਨੂੰ ਇੱਕ ਸੰਯੁਕਤ
ਆਪ੍ਰੇਸ਼ਨ ਵਿੱਚ ਗੁਜਰਾਤ ਦੇ ਅੰਕਲੇਸ਼ਵਰ ਤੋਂ 5,000 ਕਰੋੜ ਰੁਪਏ ਦੀ 518 ਕਿਲੋ ਕੋਕੀਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਇੱਕ ਪੰਦਰਵਾੜੇ ਦੇ ਅੰਦਰ ਦਿੱਲੀ ਅਤੇ ਗੁਜਰਾਤ ਵਿੱਚ 13,000 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ।