ਫਿਰੋਜ਼ਪੁਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਿਰੋਜ਼ਪੁਰ ਦੌਰੇ ਦੌਰਾਨ ਉਨ੍ਹਾਂ ਦੀ ਸੁਰੱਖਿਆ ’ਚ ਹੋਈ ਕੁਤਾਹੀ ਦੇ ਮਾਮਲੇ ਵਿਚ ਪ੍ਰਦਰਸ਼ਨਕਾਰੀਆਂ ਦੇ ਵੀਡੀਓ ਵਾਇਰਲ ਹੋਣ ਦੇ ਚਾਰ ਦਿਨ ਬਾਅਦ ਵੀ ਪੁਲਿਸ ਉਨ੍ਹਾਂ ਦੀ ਪਛਾਣ ਨਹੀਂ ਕਰ ਸਕੀ। ਪੁਲਿਸ ਨੇ ਕੇਵਲ 150 ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਹੀ ਨਹੀਂ, ਇਨ੍ਹਾਂ ਲੋਕਾਂ ਖ਼ਿਲਾਫ਼ ਧਾਰਾ 283 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਰਾਹਤ ਵੀ ਦਿੱਤੀ ਹੈ। ਜ਼ਮਾਨਤੀ ਧਾਰਾ ਲਗਾਉਣ ਤੋਂ ਜ਼ਾਹਰ ਹੈ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਫਿਰੋਜ਼ਪੁਰ ਪੁਲਿਸ ਕਿੰਨੀ ਕੁ ਗੰਭੀਰ ਹੈ। ਥਾਣਾ ਕੁਲਗਡ਼ੀ ਦੇ ਇੰਚਾਰਜ ਬੀਰਬਲ ਸਿੰਘ ਨੇ ਕਿਹਾ ਕਿ ਹਾਲੇ ਤਕ ਕਿਸੇ ਪ੍ਰਦਰਸ਼ਨਕਾਰੀ ਦੀ ਪਛਾਣ ਨਹੀਂ ਹੋ ਸਕੀ ਹੈ। ਖਾਸ ਗੱਲ ਇਹ ਹੈ ਕਿ ਕਾਫਲਾ ਰੋਕਣ ਦੀ ਜ਼ਿੰਮੇਵਾਰੀ ਲੈਣ ਵਾਲਾ ਸ਼ਖ਼ਸ ਸਾਹਮਣੇ ਆਉਣ ਦੇ ਬਾਵਜੂਦ ਪੁਲਿਸ ਕਾਰਵਾਈ ਦੇ ਮੂਡ ਵਿਚ ਨਹੀਂ ਦਿਸ ਰਹੀ। ਪਿੰਡ ਪਿਆਰੇਆਣਾ ਦੇ ਜਿਸ ਪੁਲ ’ਤੇ ਪ੍ਰਧਾਨ ਮੰਤਰੀ ਦੇ ਕਾਫਲੇ ਨੂੰ 20 ਮਿੰਟਾਂ ਤਕ ਰੋਕਿਆ ਗਿਆ ਸੀ, ਇਹ ਏਰੀਆ ਥਾਣਾ ਕੁਲਗਡ਼ੀ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ।ਹਾਈਵੇ ਜਾਮ ਹੁੰਦਾ ਹੈ ਤਾਂ ਪੁਲਿਸ ਜਾਮ ਕਰਨ ਵਾਲਿਆਂ ਦੀ ਵੀਡੀਓਗ੍ਰਾਫੀ ਕਰਨ ਤੋਂ ਬਾਅਦ ਨਾਂ ਤਹਿਤ ਮਾਮਲਾ ਦਰਜ ਕਰਦੀ ਹੈ ਪਰ ਪ੍ਰਧਾਨ ਮੰਤਰੀ ਦੇ ਰਸਤੇ ’ਚ ਅਡ਼ਿੱਕਾ ਡਾਹੁਣ ਵਾਲੇ ਲੋਕਾਂ ਦੀ ਪਛਾਣ ਨਾਲ ਪੰਜਾਬ ਪੁਲਿਸ ਖੁਦ ਪੱਲਾ ਝਾਡ਼ ਰਹੀ ਹੈ।