ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ‘ਨਾਲੇ ਰੋਵਦਾਂ ਤੇ ਨਾਲੇ ਗਾਂਵਦਾ ਈ ਹੀਰ ਦਾ ਗਾਇਨ’ ਵਿਸ਼ੇ ਤਹਿਤ ਸਮਾਗਮ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ: ਅਰਵਿੰਦਰ ਕੌਰ ਕਾਹਲੋਂ ਦੀ ਯੋਗ ਅਗਵਾਈ ਅਤੇ ਕਾਲਜ ਦੇ ਸੰਗੀਤ ਅਤੇ ਪੰਜਾਬੀ ਵਿਭਾਗ ਵੱਲੋਂ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮਾਗਮ ਦਾ ਆਰੰਭ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਮਹਿਲ ਸਿੰਘ, ਪ੍ਰਿੰ: ਡਾ: ਕਾਹਲੋਂ, ਪੰਜਾਬੀ ਵਿਭਾਗ ਮੁਖੀ ਡਾ: ਆਤਮ ਸਿੰਘ ਰੰਧਾਵਾ, ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਦੇ ਡਾਇਰੈਕਟਰ ਸ: ਸਵਰਨਜੀਤ ਸਿੰਘ ਸਵੀ ਅਤੇ ਉਚੇਚੇ ਤੌਰ ’ਤੇ ਪਹੁੰਚੀਆਂ ਪ੍ਰਸਿੱਧ ਸ਼ਖ਼ਸੀਅਤਾਂ ਦੁਆਰਾ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ।
ਇਸ ਉਪਰੰਤ ਪ੍ਰਿੰ: ਡਾ: ਕਾਹਲੋਂ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਮਾਗਮ ਦੀ ਪ੍ਰਸੰਸਾ ਅਤੇ ਇਸਦੀ ਸਫਲਤਾ ਲਈ ਵਿਭਾਗ ਨੂੰ ਸ਼ੁਭਇਛਾਵਾਂ ਦਿੱਤੀਆਂ। ਇਸ ਸਮਾਗਮ ਦੇ ਕਨਵੀਨਰ ਡਾ: ਰੰਧਾਵਾ ਨੇ ਕਿਹਾ ਕਿ ਇਹ ਮਹਾਂ ਉਤਸਵ ਪੰਜਾਬ ਕਲਾ ਪਰਿਸ਼ਦ, ਚੰਡੀਗੜ੍ਹ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਸਹਿਯੋਗ ਨਾਲ ਪੰਜਾਬ ਦੀ ਨਵ—ਸਿਰਜਣਾ ਲਈ ਸ: ਮਹਿੰਦਰ ਸਿੰਘ ਰੰਧਾਵਾ, ਡਾ: ਸੁਰਜੀਤ ਸਿੰਘ ਪਾਤਰ ਅਤੇ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿਤ ਦਾ ਮਕਬੂਲ ਸ਼ਾਇਰ ਵਾਰਿਸ ਸ਼ਾਹ ਕਿਸੇ ਵਿਸ਼ੇਸ਼ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਹੀਰ ਵਾਰਿਸ ਦਾ ਕਿੱਸਾ ਪੰਜਾਬੀਆਂ ਦੇ ਵਿਰਸੇ ਦਾ ਅਨਿੱਖੜ ਅੰਗ ਹੋਣ ਕਰਕੇ ਪੰਜਾਬੀ ਜ਼ੁਬਾਨ ’ਤੇ ਬਾਤ ਵਾਂਗ ਯਾਦ ਹੈ। ਪੰਜਾਬੀ ਗਾਇਕੀ ਰਾਹੀਂ ਇਸਦੀ ਪੇਸ਼ਕਾਰੀ ਵੱਖ—ਵੱਖ ਅੰਦਾਜ਼ਾਂ ਰਾਹੀਂ ਹੁੰਦੀ ਆ ਰਹੀਂ ਹੈ ਪਰ ਫਿਰ ਦੀ ਇਸਦੀ ਰੰਗਤ ਫਿੱਕੀ ਨਹੀਂ ਪਈ, ਸਗੋਂ ਹੋਰ ਵਧੇਰੇ ਨਿੱਖਰ ਕੇ ਸਾਹਮਣੇ ਆਈ ਹੈ।ਇਸ ਪ੍ਰੰਪਰਾ ਨੂੰ ਬਰਕਰਾਰ ਰੱਖਦਿਆਂ ਅਜੋਕੀ ਨੌਜੁਆਨ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ ਬਾਰੇ ਜਾਣਕਾਰੀ ਦੇ ਉਦੇਸ਼ ਨਾਲ ਹੀਰ ਗਾਇਨ ਰਾਹੀਂ ਪ੍ਰੇਰਿਤ ਕਰਕੇ ਇਸਦੀ ਵਿਰਾਸਤੀ ਮਹੱਤਤਾ ਨੂੰ ਉਜਾਗਰ ਕਰਨਾ ਸਮਾਗਮ ਦਾ ਵਿਸ਼ੇਸ਼ ਉਦੇਸ਼ ਹੈ।
ਇਸ ਮੌਕੇ ਡਾ: ਮਹਿਲ ਸਿੰਘ ਨੇ ਕਿਹਾ ਕਿ ਸ: ਮਹਿੰਦਰ ਸਿੰਘ ਰੰਧਾਵਾ ਸਿਵਲ ਅਧਿਕਾਰੀ ਹੋਣ ਦੇ ਨਾਲ—ਨਾਲ ਪੰਜਾਬੀ ਸਾਹਿਤ ਜਗਤ ਵਿੱਚ ਆਪਣੇ ਯੋਗਦਾਨ ਕਾਰਨ ਵਿਲੱਖਣ ਪਹਿਚਾਣ ਦੇ ਧਾਰਨੀ ਹਨ। ਉਨ੍ਹਾਂ ਨੇ ਭਾਰਤ ਦੀ ਵੰਡ ਦੇ ਉਜੜੇ ਪੰਜਾਬੀਆਂ ਦੇ ਮੁੜ ਵਸੇਬੇ, ਚੰਡੀਗੜ੍ਹ ਦੀ ਸਥਾਪਨਾ ਅਤੇ ਭਾਰਤ ਦੇ ਹਰੇ ਇਨਕਲਾਬ ਅਤੇ ਪੰਜਾਬ ਦੀਆਂ ਕਲਾਵਾਂ ਦੇ ਦਸਤਾਵੇਜ਼ੀਕਰਨ ਵਿੱਚ ਅਹਿਮ ਭੂਮਿਕਾਵਾਂ ਅਦਾ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਦਮਸ਼੍ਰੀ ਡਾ: ਸੁਰਜੀਤ ਪਾਤਰ ਨੇ ਆਪਣੀਆਂ ਮੌਲਿਕ ਕਵਿਤਾਵਾਂ ਰਾਹੀਂ ਆਮ ਲੋਕਾਂ ਦੇ ਜਨੑਜੀਵਨ ਨਾਲ ਜੁੜ੍ਹੀਆਂ ਸਮੱਸਿਅਵਾਂ ਨੂੰ ਪੇਸ਼ ਕਰਕੇ ਆਪਣੇ ਪ੍ਰਸੰਸਕਾਂ ਅਤੇ ਆਲੋਚਕਾਂ ਪਾਸੋਂ ਵਿਸ਼ੇਸ਼ ਪ੍ਰਸਿੱਧੀ ਹਾਸਲ ਕੀਤੀ ਹੈ। ਅਜੋਕੀਆਂ ਕਾਵਿ ਮਹਿਫਲਾਂ ਦਾ ਰੰਗ ਸੁਰਜੀਤ ਪਾਤਰ ਦੀ ਸ਼ਾਇਰੀ ਦੇ ਜਿਕਰ ਤੋਂ ਬਿਨਾਂ ਫਿੱਕਾ ਲਗਦਾ ਹੈ। ਅਜਿਹੀਆਂ ਮਹਾਨ ਸ਼ਖ਼ਸੀਅਤਾਂ ਦੁਆਰਾ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਕੀਤੇ ਵਿਸਥਾਰ ਅਤੇ ਪਸਾਰ ਲਈ ਪੰਜਾਬੀ ਜਗਤ ਉਹਨਾਂ ਦਾ ਹਮੇਸ਼ਾਂ ਰਿਣੀ ਰਹੇਗਾ। ਹੀਰ ਵਾਰਿਸ ਸਾਹਿਤ ਦੀ ਪ੍ਰਸੰਸਾ ਕਰਦਿਆਂ ਉਹਨਾਂ ਨੇ ਕਿਹਾ ਕਿ ਇਹ ਸਾਹਿਤਕ ਰਚਨਾ ਏਸ਼ੀਆ ਦੀ ਸਭ ਤੋਂ ਮਹੱਤਵਪੂਰਨ ਸਾਹਿਤਕ ਕਿਰਤ ਦਾ ਦਰਜਾ ਪ੍ਰਾਪਤ ਕਰ ਚੁੱਕੀ ਹੈ। ਇਸ ਰਚਨਾ ਵਿਚ ਉਸ ਸਮੇਂ ਦੇ ਸਭਿਆਚਾਰ ਦੀ ਵਿਰਾਸਤ ਦਾ ਜ਼ਖੀਰਾ ਹੈ ਜਿਸ ਨੂੰ ਇਹ ਸਮਾਗਮ ਸਮਰਪਿਤ ਹੈ। ਅਜਿਹਾ ਸਮਾਗਮ ਨਵੀਂ ਪੀੜ੍ਹੀ ਨੂੰ ਅਪਣੇ ਸਾਹਿਤ, ਸਮਾਜ ਅਤੇ ਸਭਿਆਚਾਰ ਨਾਲ ਜੋੜਨ ਦਾ ਇੱਕ ਸਾਰਥਿਕ ਉਪਰਾਲਾ ਹੈ।
ਸ: ਸਵਰਨਜੀਤ ਸਿੰਘ ਸਵੀ ਨੇ ਅਜੋਕੇ ਪੰਜਾਬ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਦੀ ਗਾਇਕੀ ਦੇ ਬਦਲਦੇ Wਝਾਨ ਪ੍ਰਤੀ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਕਿਹਾ ਕਿ ਅੱਜ ਦੇ ਏ।ਆਈ। ਯੁੱਗ ਵਿੱਚ ਅਜਿਹੇ ਸਮਾਗਮਾਂ ਰਾਹੀਂ ਨੌਜੁਆਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਆਪਣੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਣਾ ਹੈ। ਇਹ ਸਮਾਗਮ ਇਸੇ ਲੜੀ ਇੱਕ ਹਿੱਸਾ ਹੈ। ਆਪਣੀ ਕਾਵਿ ਰਚਨਾ ਦੁਆਰਾ ਉਹਨਾਂ ਨੇ ਅੱਜ ਦੇ ਸਮਾਜ ਦੀਆਂ ਸਮੱਸਿਆਵਾਂ ਨੂੰ ਕਾਵਿਕ ਅੰਦਾਜ਼ ਵਿੱਚ ਪੇਸ਼ ਕੀਤਾ।
ਇਸ ਸਮਾਗਮ ਵਿਚ ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਹੀਰ ਵਾਰਿਸ ਦੇ ਕਲਾਮ ਅਤੇ ਸੁਰਜੀਤ ਪਾਤਰ ਦੀ ਸ਼ਾਇਰੀ ਨੂੰ ਸੁਰੀਲੇ ਅਤੇ ਜੋਸ਼ੀਲੇ ਢੰਗ ਨਾਲ ਪੇਸ਼ ਕਰਕੇ ਸਮਾਗਮ ਦਾ ਮੁੱਢ ਬੰਨਿ੍ਹਆ। ਇਸ ਉਪਰੰਤ ਪੰਜਾਬੀ ਸੰਗੀਤ ਕਲਾ ਦੇ ਖੇਤਰ ਵਿੱਚ ਉਭਰਦੀ ਅਤੇ ਨੌਜੁਆਨ ਪੀੜ੍ਹੀ ਵਿੱਚ ਮਕਬੂਲ ਪ੍ਰਸਿੱਧ ਪੰਜਾਬੀ ਗਾਇਕਾ ਅਮਨ ਸੂਫ਼ੀ ਨੇ ਆਪਣੇ ਨਿਵੇਕਲੇ ਅੰਦਾਜ਼ ਨਾਲ ਸ੍ਰੋਤਿਆਂ ਸਾਹਮਣੇ ਗਾਇਕੀ ਦੇ ਰੰਗ ਬਿਖੇਰੇ।
ਸਮਾਗਮ ਦਾ ਸਿਖਰ ਭਾਰਤੀ ਸੰਗੀਤ ਕਲਾ ਦੇ ਖੇਤਰ ਵਿੱਚ ਪੰਜਾਬੀ ਗਾਇਕੀ ਅਤੇ ਸੂਫ਼ੀ ਗਾਇਨ ਦੇ ਧਰੂ ਤਾਰੇ ਵਜੋਂ ਜਾਣੇ ਜਾਂਦੇ ਅਤੇ ਲੰਮੇ ਸਮੇਂ ਤੋਂ ਆਪਣੀ ਵਿਰਾਸਤੀ ਗਾਇਕੀ ਦੇ ਫਨ ਨੂੰ ਬਰਕਰਾਰ ਰੱਖਦੇ ਹੋਇਆਂ ਸ੍ਰੋਤਿਆਂ ਨੂੰ ਵਿਰਾਸਤੀ ਪਰੰਪਰਾ ਨਾਲ ਜੋੜਨ ਵਾਲੇ ਪੰਜਾਬੀ ਗਾਇਕੀ ਦੇ ਪ੍ਰਸਿੱਧ ਸੂਫ਼ੀ ਗਾਇਕ ਪਦਮ ਸ੍ਰੀ ਪੂਰਨ ਚੰਦ ਵਡਾਲੀ ਦੇ ਗਾਇਨ ਨਾਲ ਹੋਇਆ। ਉਹਨਾਂ ਨੇ ਵਾਰਿਸ ਦੀ ਹੀਰ ਗਾਉਂਦਿਆਂ ਆਪਣੀ ਕਲਾ ਦਾ ਮੁਜਾਹਰਾ ਪੇਸ਼ ਕਰਕੇ ਸਰੋਤਿਆਂ ਨੂੰ ਮੰਤਰਮੁਗਧ ਕੀਤਾ। ਹੀਰ ਵਾਰਿਸ ਦੇ ਇਸ ਸਮਾਗਮ ਸੰਬੰਧੀ ਵਿਦਿਆਰਥੀ ਵਿੱਚ ਭਾਰੀ ਉਤਸਾਹ ਰਿਹਾ। ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਦੇ ਪ੍ਰੋਫ਼ੈਸਰ ਡਾ। ਪਰਮਿੰਦਰ ਸਿੰਘ ਦੁਆਰਾ ਬਾਖੂਬੀ ਨਿਭਾਇਆ ਗਿਆ।