Sport

ਨੋਵਾਕ ਜੋਕੋਵਿਕ ਦੀ ਗ਼ੈਰਮੌਜੂਦਗੀ ‘ਚ ਰਾਫੇਲ ਨਡਾਲ ਹੋਣਗੇ ਮਜ਼ਬੂਤ ਦਾਅਵੇਦਾਰ

ਨਿਊਯਾਰਕ – ਸਾਬਕਾ ਨੰਬਰ ਇਕ ਸਰਬੀਆ ਦੇ ਨੋਵਾਕ ਜੋਕੋਵਿਕ ਦੀ ਗ਼ੈਰਮੌਜੂਦਗੀ ਵਿਚ 22 ਵਾਰ ਦੇ ਗਰੈਂਡ ਸਲੈਮ ਜੇਤੂ ਸਪੇਨ ਦੇ ਰਾਫੇਲ ਨਡਾਲ ਕੋਲ ਸੋਮਵਾਰ ਤੋਂ ਸ਼ੁਰੂ ਹੋ ਰਹੇ ਸਾਲ ਦੇ ਆਖ਼ਰੀ ਗਰੈਂਡ ਸਲੈਮ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਵਿਚ ਬੜ੍ਹਤ ਹਾਸਲ ਕਰਨ ਦਾ ਬਿਹਤਰੀਨ ਮੌਕਾ ਹੋਵੇਗਾ। 21 ਵਾਰ ਦੇ ਗਰੈਂਡ ਸਲੈਮ ਜੇਤੂ ਜੋਕੋਵਿਕ ਕੋਵਿਡ-19 ਟੀਕਾਕਾਰਨ ਨਾ ਕਰਵਾਉਣ ਕਾਰਨ ਇਸ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਪਾ ਰਹੇ ਹਨ। ਮੌਜੂਦਾ ਸੈਸ਼ਨ ਵਿਚ ਇਹ ਦੂਜੀ ਵਾਰ ਹੈ ਜਦ ਜੋਕੋਵਿਕ ਟੀਕਾਕਰਨ ਨਾ ਕਰਵਾਉਣ ਕਾਰਨ ਕਿਸੇ ਗਰੈਂਡ ਸਲੈਮ ਵਿਚ ਨਹੀਂ ਖੇਡ ਪਾ ਰਹੇ ਹਨ। ਉਹ ਇਸ ਤੋਂ ਪਹਿਲਾਂ ਆਸਟ੍ਰੇਲੀਅਨ ਓਪਨ ਵਿਚ ਵੀ ਇਸੇ ਕਾਰਨ ਨਹੀਂ ਖੇਡ ਸਕੇ ਸਨ। ਇਸ ਕਾਰਨ ਨਡਾਲ ਮਜ਼ਬੂਤ ਦਾਅਵੇਦਾਰ ਦੇ ਰੂਪ ਵਿਚ ਇੱਥੇ ਉਤਰਨਗੇ। ਨਡਾਲ ਨੇ ਇਸ ਸਾਲ ਆਸਟ੍ਰੇਲੀਅਨ ਓਪਨ ਤੇ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਤੇ ਜੇ ਉਹ ਯੂਐੱਸ ਓਪਨ ਨੂੰ ਜਿੱਤਣ ਵਿਚ ਕਾਮਯਾਬ ਰਹੇ ਤਾਂ ਉਨ੍ਹਾਂ ਦੇ ਨਾਂ ਰਿਕਾਰਡ 23 ਗਰੈਂਡ ਸਲੈਮ ਖ਼ਿਤਾਬ ਹੋ ਜਾਣਗੇ। ਇਸ ਤਰ੍ਹਾਂ ਨਡਾਲ ਜੋਕੋਵਿਕ ਤੋਂ ਦੋ ਤੇ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਤੋਂ ਤਿੰਨ ਕਦਮ ਅੱਗੇ ਹੋ ਜਾਣਗੇ। ਫੈਡਰਰ ਦੇ ਨਾਂ 20 ਗਰੈਂਡ ਸਲੈਮ ਖ਼ਿਤਾਬ ਹਨ ਤੇ ਉਹ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਇਸ ਵਿਚ ਹਿੱਸਾ ਨਹੀਂ ਲੈ ਰਹੇ ਹਨ। 2019 ਤੋਂ ਬਾਅਦ ਪਹਿਲੀ ਵਾਰ ਇੱਥੇ ਖੇਡ ਰਹੇ ਨਡਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਆਸਟ੍ਰੇਲੀਆ ਦੇ ਰਿੰਕੀ ਹਿਜੀਕਾਤਾ ਖ਼ਿਲਾਫ਼ ਕਰਨਗੇ। ਯੂਐੱਸ ਓਪਨ ਦੌਰਾਨ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਵਿਚ ਮੈਚ ਦੇ ਦੌਰਾਨ ਕੋਚਿੰਗ ਦੀ ਇਜਾਜ਼ਤ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਟੂਰਨਾਮੈਂਟ ਵਿਚ ਆਖ਼ਰੀ ਸੈੱਟ ਟਾਈਬ੍ਰੇਕਰ ਜਿੱਤਣ ਲਈ ਹੁਣ ਸੱਤ ਅੰਕ ਜਿੱਤਣਾ ਕਾਫੀ ਨਹੀਂ ਹੈ। ਹੁਣ ਇਕ ਖਿਡਾਰੀ ਨੂੰ ਜਿੱਤਣ ਲਈ ਘੱਟੋ-ਘੱਟ 10 ਅੰਕ ਜਿੱਤਣੇ ਪੈਣਗੇ। ਪਹਿਲੇ 10 ਅੰਕ ਹਾਸਲ ਕਰਨ ਵਾਲਾ ਦੋ ਅੰਕਾਂ ਦੀ ਬੜ੍ਹਤ ਨਾਲ ਟਾਈਬ੍ਰੇਕਰ ਦਾ ਜੇਤੂ ਹੋਵੇਗਾ।
ਡੇਨਿਲ ਮੇਦਵੇਦੇਵ ਰੂਸ ਦੇ ਯੂਕਰੇਨ ‘ਤੇ ਹਮਲਾ ਕਰਨ ਕਾਰਨ ਇਸ ਸਾਲ ਵਿੰਬਲਡਨ ਵਿਚ ਨਹੀਂ ਖੇਡ ਸਕੇ ਸਨ ਤੇ ਉਹ ਯੂਐੱਸ ਓਪਨ ਵਿਚ ਗਰੈਂਡ ਸਲੈਮ ਟੂਰਨਾਮੈਂਟ ਵਿਚ ਵਾਪਸੀ ਕਰਨਗੇ। ਮੇਦਵੇਦੇਵ ਨਡਾਲ ਨੂੰ ਚੰਗੀ ਚੁਣੌਤੀ ਦੇ ਸਕਦੇ ਹਨ ਜਦਕਿ ਉਨ੍ਹਾਂ ਦੇ ਸਾਹਮਣੇ ਆਪਣੇ ਖ਼ਿਤਾਬ ਨੂੰ ਬਚਾਉਣ ਦੀ ਵੀ ਚੁਣੌਤੀ ਹੋਵੇਗੀ।
ਯੂਐੱਸ ਓਪਨ ਦੌਰਾਨ ਪੰਜ ਮਰਦ ਖਿਡਾਰੀਆਂ ਕੋਲ ਦੁਨੀਆ ਦਾ ਨੰਬਰ ਇਕ ਖਿਡਾਰੀ ਬਣਨ ਦਾ ਮੌਕਾ ਹੋਵੇਗਾ ਜਿਸ ਵਿਚ ਨਡਾਲ ਵੀ ਸ਼ਾਮਲ ਹਨ। ਦੁਨੀਆ ਦੇ ਮੌਜੂਦਾ ਨੰਬਰ ਇਕ ਖਿਡਾਰੀ ਤੇ ਪਿਛਲੀ ਵਾਰ ਦੇ ਯੂਐੱਸ ਓਪਨ ਚੈਂਪੀਅਨ ਡੇਨਿਲ ਮੇਦਵੇਦੇਵ, ਕਾਰਲੋਸ ਅਲਕਰਾਜ, ਸਟੇਫਨੋਸ ਸਿਤਸਿਪਾਸ ਤੇ ਕੈਸਪਰ ਰੂਡ ਨੂੰ ਯੂਐੱਸ ਓਪਨ ਖ਼ਤਮ ਹੋਣ ਦੇ ਅਗਲੇ ਦਿਨ ਜਾਰੀ ਹੋਣ ਵਾਲੀ ਰੈਂਕਿੰਗ ਵਿਚ ਸਿਖਰ ‘ਤੇ ਰਹਿਣ ਲਈ 11 ਸਤੰਬਰ ਨੂੰ ਹੋਣ ਵਾਲੇ ਫਾਈਨਲ ਵਿਚ ਥਾਂ ਬਣਾਉਣ ਦੀ ਲੋੜ ਹੈ।

Related posts

ISPL ਸੀਜ਼ਨ 2 ਦੇ ਉਦਘਾਟਨ ਦੌਰਾਨ ਅਭਿਸ਼ੇਕ ਬੱਚਨ ਅਤੇ ਜੈਕਲੀਨ ਫਰਨਾਂਡੀਜ਼ !

admin

ਆਸਟ੍ਰੇਲੀਅਨ ਓਪਨ: ਯਾਨਿਕ ਸਿਨਰ ਨੇ ਆਪਣੀ ਜਿੱਤ ਰੱਖੀ ਬਰਕਰਾਰ

admin

ਟੀ-20: ਭਾਰਤ ਨੇ ਪਹਿਲੇ ਮੈਚ ‘ਚ ਇੰਗਲੈਂਡ ਨੂੰ ਹਰਾਇਆ !

admin