ਸਿਡਨੀ – ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਕ ਸੈਸ਼ਨ ਦੇ ਪਹਿਲੇ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਤੋਂ ਪਹਿਲਾਂ ਆਸਟ੍ਰੇਲੀਆ ਵਿਚ ਹੋਣ ਵਾਲੇ ਏਟੀਪੀ ਕੱਪ ਤੋਂ ਹਟ ਗਏ ਹਨ। ਪ੍ਰਬੰਧਕਾਂ ਨੇ ਬੁੱਧਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਜੋਕੋਵਿਕ ਦੇ ਹਟਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਹੈ ਪਰ ਸਰਬੀਆ ਦੇ ਇਸ ਸਿਖਰਲੀ ਰੈਂਕਿੰਗ ਵਾਲੇ ਖਿਡਾਰੀ ਨੇ ਪਿਛਲੇ ਦਿਨੀਂ ਕੋਵਿਡ-19 ਟੀਕਾਕਰਨ ਦੀ ਆਪਣੀ ਸਥਿਤੀ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਕੋਵਿਡ-19 ਨੂੰ ਲੈ ਕੇ ਆਸਟ੍ਰੇਲੀਆ ਦੇ ਸਖ਼ਤ ਨਿਯਮਾਂ ਮੁਤਾਬਕ ਸਾਰੇ ਖਿਡਾਰੀਆਂ, ਅਧਿਕਾਰੀਆਂ ਤੇ ਪ੍ਰਸ਼ੰਸਕਾਂ ਦਾ ਕੋਵਿਡ-19 ਦੇ ਖ਼ਿਲਾਫ਼ ਪੂਰਾ ਟੀਕਾਕਰਨ ਜ਼ਰੂਰੀ ਹੈ। ਏਟੀਪੀ ਕੱਪ ਦੇ ਪ੍ਰਬੰਧਕਾਂ ਨੇ ਟੀਮ ਦੇ ਅਪਡੇਟ ‘ਚ ਜੋਕੋਵਿਕ ਦੇ ਹਟਣ ਦਾ ਖ਼ੁਲਾਸਾ ਕੀਤਾ। ਇਸ 16 ਦੇਸ਼ਾਂ ਦੇ ਟੂਰਨਾਮੈਂਟ ਵਿਚ ਆਸਟ੍ਰੇਲੀਆ ਦੀ ਥਾਂ ਫਰਾਂਸ ਨੂੰ ਸ਼ਾਮਲ ਕੀਤਾ ਗਿਆ ਹੈ ਕਿਉਂਕਿ ਡੋਮੀਨਿਕ ਥਿਏਮ ਤੇ ਡੇਨਿਸ ਹਟ ਗਏ ਹਨ। ਸਰਬੀਆ ਲਈ ਜੋਕੋਵਿਕ ਦੀ ਥਾਂ ਦੁਸਾਨ ਲਾਜੋਵਿਕ ਲੈਣਗੇ।
ਦੁਨੀਆ ਦੇ ਪੰਜਵੇਂ ਨੰਬਰ ਦੇ ਖਿਡਾਰੀ ਰੂਸ ਦੇ ਆਂਦਰੇ ਰੂਬਲੇਵ ਤੇ ਟੀਮ ਦੇ ਉਨ੍ਹਾਂ ਦੇ ਸਾਥੀ ਅਸਲਾਨ ਕਰਾਤਸੇਵ ਤੇ ਯੇਵਗੇਨੀ ਡੋਨਸਕਾਏ ਵੀ ਟੂਰਨਾਮੈਂਟ ਤੋਂ ਹਟ ਗਏ ਹਨ। ਏਟੀਪੀ ਕੱਪ ਸਿਡਨੀ ਵਿਚ ਸ਼ਨਿਚਰਵਾਰ ਤੋਂ ਸ਼ੁਰੂ ਹੋਵੇਗਾ। ਆਸਟ੍ਰੇਲੀਆ ਓਪਨ ਦੇ ਮਰਦ ਵਰਗ ਦੇ ਦਾਖਲੇ ਦਾ ਐਲਾਨ ਦਸੰਬਰ ਦੀ ਸ਼ੁਰੂਆਤ ਵਿਚ ਕੀਤਾ ਗਿਆ ਸੀ ਜਿਸ ਵਿਚ 34 ਸਾਲ ਦੇ ਜੋਕੋਵਿਕ ਨੂੰ ਸਿਖਰਲਾ ਦਰਜਾ ਦਿੱਤਾ ਗਿਆ ਸੀ ਜਿਸ ਨਾਲ ਸੰਕੇਤ ਮਿਲੇ ਸਨ ਕਿ ਉਹ ਆਸਟ੍ਰੇਲੀਆ ਦੇ ਸਖ਼ਤ ਨਿਯਮਾਂ ਦੇ ਬਾਵਜੂਦ 17 ਜਨਵਰੀ ਤੋਂ ਮੈਲਬੌਰਨ ਪਾਰਕ ਵਿਚ ਸ਼ੁਰੂ ਹੋ ਰਹੇ ਟੂਰਨਾਮੈਂਟ ਵਿਚ ਖੇਡਣਗੇ। ਨੌਂ ਵਾਰ ਦੇ ਆਸਟ੍ਰੇਲੀਅਨ ਓਪਨ ਚੈਂਪੀਅਨ ਜੋਕੋਵਿਕ ਦੇ ਨਾਂ ‘ਤੇ ਰੋਜਰ ਫੈਡਰਰ ਤੇ ਰਾਫੇਲ ਨਡਾਲ ਦੇ ਬਰਾਬਰ ਮਰਦ ਸਿੰਗਲਜ਼ ਦੇ ਰਿਕਾਰਡ 20 ਗਰੈਂਡ ਸਲੈਮ ਖ਼ਿਤਾਬ ਦਰਜ ਹਨ।