ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜੇ.ਪੀ. ਨੱਡਾ ਨੇ ਕਾਂਗਰਸ ’ਤੇ ਨਿਸ਼ਾਨਾ ਵਿਨ੍ਹਦੇ ਹੋਏ ਕਿਹਾ ਕਿ ਉਸ ਲਈ ਸਰਵਜਨਕ ਸੇਵਾ ਉਪਲੱਬਧ ਕਰਵਾਉਣਾ ਇਕ ਵੱਖ ਧਾਰਣਾ ਹੋ ਸਕਦੀ ਹੈ, ਕਿਉਂਕਿ ਉਨ੍ਹਾਂ ਦੀ ਇਕੋ-ਇਕ ਦਿਲਚਸਪੀ ਹੈ ਤੇ ਉਹ ਹੈ ਗਰੀਬ ਨੂੰ ਗਰੀਬ ਰੱਖਣਾ। ਨੱਡਾ ਦਾ ਇਹ ਬਿਆਨ ਉਸ ਸਮੇਂ ਆਇਆ ਹੈ, ਜਦੋਂ ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਇਕ ਸਰਕਾਰੀ ਆਦੇਸ਼ ’ਤੇ ਇਤਰਾਜ਼ ਜਤਾਇਆ ਸੀ। ਉਸ ਪੱਤਰ ’ਤ ਦੋਸ਼ ਲਗਾਇਆ ਗਿਆ ਸੀ ਕਿ ਸਰਕਾਰ ਦੀਆਂ ਪਿਛਲੇ 9 ਸਾਲਾਂ ਦੌਰਾਨ ਦੀਆਂ ਉਪਲੱਬਧੀਆਂ ਦਾ ਪ੍ਰਚਾਰ ਕਰਨ ਦਾ ਆਦੇਸ਼ ਨੌਕਰਸ਼ਾਹੀ ਦਾ ਰਾਜਨੀਤੀਕਰਨ ਹੈ। ਉਨ੍ਹਾਂ ਇਸ ਆਦੇਸ਼ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਨੱਡਾ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਕਰ ਕੇ ਕਿਹਾ ਕਿ ਇਹ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕਾਂਗਰਸ ਪਾਰਟੀ ਨੂੰ ਯੋਜਨਾਵਾਂ ਦੇ ਸਹੀ ਵਿਅਕਤੀਆਂ ਤੱਕ ਪਹੁੰਚਾਉਣ ਨੂੰ ਲੈ ਕੇ ਕੀ ਸਮੱਸਿਆ ਹੈ। ਸਰਵਜਨਕ ਸੇਵਾਵਾਂ ਪ੍ਰਦਾਨ ਕਰਨਾ ਸਰਕਾਰ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾ ਰਹੀ ਹੈ ਤਾਂ ਕਿਸੇ ਨੂੰ ਇਸ ਗੱਲ ’ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਕਾਂਗਰਸ ਦੀ ਦਿਲਚਸਪੀ ਤਾਂ ਗਰੀਬਾਂ ਨੂੰ ਗਰੀਬ ਰੱਖਣ ’ਚ ਹੀ ਹੈ, ਇਸੇ ਕਾਰਨ ਉਹ ਇਸ ਦਾ ਵਿਰੋਧ ਕਰ ਰਹੇ ਹਨ।