Articles Punjab

ਪਗੜੀ ਸੰਭਾਲ ਓ ਜੱਟਾ ਪਗੜੀ !

ਕਿਸਾਨ ਆਗੂ ਸਵਰਨ ਸਿੰਘ ਪੰਧੇਰ ਪਟਿਆਲਾ ਦੇ ਸ਼ੰਭੂ ਬਾਰਡਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ। (ਫੋਟੋ: ਏ ਐਨ ਆਈ)
ਲੇਖਕ: ਸੁਖਪਾਲ ਸਿੰਘ ਗਿੱਲ,
ਅਬਿਆਣਾਂ ਕਲਾਂ

ਪਿਛਲੇ ਸਮੇਂ ਤੋਂ ਕਿਸਾਨੀ ਅਤੇ ਸਰਕਾਰ ਵਿਚਕਾਰ ਕਸ਼ਮਕਸ਼ ਚੱਲ ਰਹੀ ਹੈ।ਹੁਣ ਸ਼ੰਭੂ ਬਾਰਡਰ ਤੇ ਧਰਨਾ ਲਗਾ ਕੇ ਬੈਠੇ ਕਿਸਾਨ ਦੂਸ਼ਣਬਾਜੀ ਅਤੇ ਮੁਕਾਬਲੇਬਾਜ਼ੀ ਕਰਦੇ ਲੱਗਦੇ ਹਨ।ਅੱਡੋ ਅੱਡ ਰਸਤੇ ਅਪਣਾ ਕੇ ਕੁੱਝ ਵੀ ਪੱਲੇ ਨਹੀਂ ਪੈਣਾ। ਬੀਤੇ ਤੋਂ ਸਬਕ ਲੈਣਾ ਚਾਹੀਦਾ ਹੈ।ਹੁਣ ਡੱਲੇਵਾਲ  ਮਰਨ ਵਰਤ ਲਈ ਬਜਿੱਦ ਹੈ ਚੰਗੀ ਗੱਲ ਹੈ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਹੋਵੇ।ਸਰਬ ਪ੍ਰਵਾਣਿਤ ਰਣਨੀਤੀ ਬਣਾਈ ਕੇ  ਕਿਸਾਨੀ ਦਾ ਨਕਸ਼ਾ ਨਜ਼ਰੀਆ ਚਿਤਰਨ ਅਤੇ ਸੰਘਰਸ਼ ਦੀ ਰੂਪ ਰੇਖਾ ਲਈ ਕਿਸਾਨ ਆਗੂਆਂ ਨੂੰ ਇੱਕਜੁੱਟ ਹੋ ਕੇ ਸੰਵਾਦ ਨਾਲ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ  ਲਈ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਹੈ। ਲੋਕਤੰਤਰ ਵਿੱਚ ਸਹੀ ਵੀ ਇਹੀ ਹੈ।ਮਰਨ ਵਰਤ ਦਾ ਭਾਵ ਮਸਲਾ ਹੱਲ ਜਾਂ ਮਰਨ ਤੱਕ ਭੁੱਖ ਹੁੰਦੀ ਹੈ। ਇਹ ਜਨਤਾ ਨੂੰ ਜਾਗਰੂਕ ਕਰਨ ਅਤੇ ਹਮਦਰਦੀ ਦਾ ਜ਼ਰੀਆ ਬਣਦਾ ਹੈ। ਭੁੱਖ ਹੜਤਾਲ ਕਰਨ ਵਾਲਿਆਂ ਦੀ ਇੱਛਾ ਅਤੇ ਨੀਅਤ ਵਿੱਚ ਸ਼ੱਕ ਨਹੀਂ ਹੋਣੀ ਚਾਹੀਦੀ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਚੰਡੀਗੜ੍ਹ ਨੂੰ ਪੰਜਾਬ ਸੂਬੇ ਚ ਰਲਾਉਣ ਲਈ ਮਰਨ ਵਰਤ ਰੱਖਿਆ ਇਹ ਯੋਧਾ ਅਦੁੱਤੀ ਸ਼ਹਾਦਤ ਦੇ ਗਿਆ,ਪਰ ਸਿਰੜ ਨਹੀਂ ਹਾਰਿਆ।ਇਸ ਦੀ ਕੁਰਬਾਨੀ ਲੀਡਰਾਂ ਨੇ ਰੋਲ ਦਿੱਤੀ।ਹਰ ਦੂ ਲਾਹਣਤ।

ਅੰਨਦਾਤੇ ਕਿਸਾਨਾਂ ਨਾਲ ਹੀ ਜੀਵਨ ਹੈ।ਅੰਨ ਨਾਲ ਹੀ ਪੇਟ ਭਰਦਾ ਹੈ। ਭਾਵੇਂ ਰੈਡੀਮੇਡ ਖਾਣੇ ਆ ਗਏ ਹਨ ਪਰ ਸਿਹਤ ਦਰੜ ਦਿੱਤੀ।ਹੁਣ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਪ੍ਰੇਰਿਤ ਕੀਤਾ ਜਾ ਰਿਹਾ ਹੈ। ਕਿਸਾਨੀ ਪਵਿੱਤਰ ਕਿੱਤੇ ਵਿੱਚ ਹੇਰਾਫੇਰੀ ਨਹੀਂ ਹੁੰਦੀ। ਅਜ਼ਾਦੀ ਤੋਂ ਬਾਅਦ ਸੱਠਵਿਆਂ ਦੇ ਨੇੜੇ ਭਾਰਤ ਨੂੰ ਭੁੱਖ ਮਰੀ ਤੋਂ ਬਚਾਉਣ ਲਈ ਸਵਾਮੀਨਾਥਨ ਦਾ ਵੱਡਾ ਯੋਗਦਾਨ ਹੈ। ਕਿਸਾਨਾਂ ਦੀ ਮੰਗ ਅਤੇ ਤ੍ਰਾਸਦੀ ਤੇ ਸਰਕਾਰ ਨੇ ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਸਵਾਮੀਨਾਥਨ ਰਿਪੋਰਟ ਤਿਆਰ ਕਰਵਾਈ। ਅਫਸੋਸ ਕਿਸੇ ਸਰਕਾਰ ਨੇ ਸਮਾਂ ਪੈਸਾ ਬਰਬਾਦ ਕਰਨ ਦੇ ਬਾਵਜੂਦ ਵੀ ਇਹੀ ਰਿਪੋਰਟ ਲਾਗੂ ਨਹੀਂ ਕੀਤੀ।ਹੁਣ ਇਹ ਰਿਪੋਰਟ ਲਾਗੂ ਕਰਵਾਉਣ ਲਈ ਸਭ ਨੂੰ ਅੱਗੇ ਆਉਣਾ ਪਵੇਗਾ। ਸਵਾਮੀਨਾਥਨ ਨੇ ਕਿਸਾਨਾਂ ਦਾ ਸਹਿਯੋਗ ਲੈਣ ਕੇ ਅਤੇ ਨਸੀਹਤ ਦੇ ਕੇ ਕਣਕ ਦਾ ਝਾੜ 65-66 ਵਿੱਚ 33.89 ਲੱਖ ਟਨ ਤੋਂ 85-86 ਤੱਕ 107.21 ਲੱਖ ਟਨ ਕੀਤਾ। ਸਰਕਾਰ ਨੂੰ ਇਸ ਤੇ ਸੋਚ ਵਿਚਾਰ ਕਰਨ ਦੀ ਜ਼ਰੂਰਤ ਹੈ। ਸਵਾਮੀਨਾਥਨ ਦੀ ਸੋਚ ਇਹ ਵੀ ਸੀ ਕਿ ਹਰੀ ਕ੍ਰਾਂਤੀ ਹੰਢਣਸਾਰ ਨਹੀਂ ਹੋਣੀ, ਅਨਾਜ ਦੇ ਭੰਡਾਰ ਭਰਨ ਜਾਣੇ,ਪਰ ਗਰੀਬ ਅਨਾਜ ਕਿਵੇਂ ਖਰੀਦੇਗਾ।ਇਸ ਵਿਸ਼ੇ ਤੇ ਵੀ ਸਵਾਮੀਨਾਥਨ ਨੇ ਸੁਝਾਅ ਦਿੱਤਾ। ਸਵਾਮੀਨਾਥਨ ਮਹਾਰਾਸ਼ਟਰ ਵਿੱਚ ਵਿਸਰਭ ਵਿਖੇ ਕਿਸਾਨ ਦੀ ਦੁਰਦਸ਼ਾ ਦੇਖ ਕੇ ਰੋ ਪਿਆ ਸੀ। ਸਵਾਮੀਨਾਥਨ ਦੀ ਰਿਪੋਰਟ ਵਿੱਚ, ਫਸਲ ਉਤਪਾਦਨ ਮੁੱਲ ਤੋਂ 50% ਤੋਂ ਵੱਧ ਮੁੱਲ ਕਿਸਾਨਾਂ ਨੂੰ ਮਿਲੇ, ਚੰਗਾ ਬੀਜ ਚੰਗੀ ਸਲਾਹ, ਮਹਿਲਾ ਕਿਸਾਨਾਂ ਨੂੰ ਕਰੈਡਿਟ ਕਾਰਡ,ਫਸਲ ਬੀਮਾ ਕਰਜ਼ ਯੋਜਨਾ,ਫਸਲ ਦਾ ਸਹੀ ਅਤੇ ਸਮੇਂ ਤੇ ਮੁੱਲ ਮਿਲਣਾ ਵਗੈਰਾ ਵਗੈਰਾ ਸਨ।
ਕਿਸਾਨ ਅੰਦੋਲਨ ਨੇ ਲੋਕਤੰਤਰੀ ਢੰਗ ਨਾਲ ਸੰਵਾਦ ਰਾਹੀਂ ਜਿੱਤ ਪ੍ਰਾਪਤ ਕੀਤੀ ਸੀ। ਕੁਝ  ਇਸ ਨੂੰ ਚਿੰਗਾਰੀ ਦੀ ਕੋਸ਼ਿਸ਼ ਨਾਲ ਪ੍ਰਧਾਨ ਮੰਤਰੀ ਉੱਤੇ ਜਿੱਤ ਦੱਸਦੇ ਰਹੇ। ਲੋਕਤੰਤਰ ਵਿੱਚ ਮਸਲੇ ਸੰਵਾਦ ਨਾਲ ਹੱਲ ਹੁੰਦੇ ਹਨ ਜਿੱਤ ਹਾਸਲ ਨਹੀਂ ਹੁੰਦੀ। ਅਫਸੋਸ ਜਿੱਤ ਦੇ ਜਸ਼ਨ ਮਨਾਉਣ ਦੇ ਨਾਲ ਨਾਲ ਅੱਡਰੇ ਰਾਹੀਂ ਤੁਰ ਪਏ। ਚੌਂਤੀ ਪੈਂਤੀ ਦੀ ਪੰਸੇਰੀ ਖਿਲਰ ਗਈ।ਆਪਣਾ ਕੀਤਾ ਵੀ ਗਵਾ ਲਿਆ।” ਏਕਾ ਤੂ ਸਬਰ ਜਿਤਾਉਂਦਾ ਮਿੱਤਰੋਂ ਬਈ ਜੰਗਾਂ ਨੂੰ” ਦਾ ਸਬਕ ਸਿੰਘੂ ਹੀ ਛੱਡ ਆਏ। ਹੁਣ ਡੱਲੇਵਾਲ ਨੇ ਫਾਕੜੀ ਹੋ ਕੇ ਮੰਗਾਂ ਲਈ ਹਿਆ ਕੀਤਾ ,ਪਰ ਬਾਕੀ ਸਭ ਆਪਣੇ ਆਪਣੇ ਰਾਹੀਂ। ਚੋਣਾਂ ਲੜਨਾ ਵੀ ਵੱਡੀ ਭੁੱਲ ਸਾਬਿਤ ਹੋਈ, ਕੀਤਾ ਕਰਾਇਆ ਸੁੱਟ ਦਿੱਤਾ। ਹਾਂ ਇੱਕ ਗੱਲ ਸਾਫ ਹੋ ਗਈ ਕਿ ਜੇ ਗਾਇਕ, ਨੌਜਵਾਨ ਅਤੇ ਦੀਪ ਸਿੱਧੂ ਫੈਕਟਰ ਨਾ ਹੁੰਦਾ ਤਾਂ ਉਦੋਂ ਵੀ ਸ਼ੰਭੂ ਵਿੱਚ ਹੀ ਗੋਡੇ ਟੇਕ ਹੋ ਜਾਣੇ ਸਨ।ਬਾਬੇ ਲੀਡਰਾਂ ਨੂੰ ਨੌਜਵਾਨੀ ਦਾ ਭਰਭੂਰ ਹੁੰਗਾਰਾ ਮਿਲਿਆ ਸੀ। ਚੰਗਾ ਹੁੰਦਾ ਕਿ ਸਵਾਮੀਨਾਥਨ ਰਿਪੋਰਟ ਮੰਨਵਾ ਕੇ ਹੀ ਉੱਠਦੇ।ਚਲੋ ਖੈਰ।
ਮਰਨ ਵਰਤ ਸਰਕਾਰ ਨੂੰ ਜਗਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਕੇ ਹਮਦਰਦੀ ਲੈਣਾ ਹੁੰਦਾ ਹੈ।ਇਹ ਵੀ ਸਭ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਵੇ, ਨਹੀਂ ਤਾਂ ਆਸ ਮੱਧਮ ਹੈ। ਦੂਜਿਆਂ ਨੂੰ ਵੀ ਆਪਣਾ ਰਾਗ ਅਲਾਪਣ ਨਾਲੋਂ ਇਸ ਨਵੇਂ ਯੁੱਧ ਵਿੱਚ ਕੁੱਦਣਾ ਚਾਹੀਦਾ ਹੈ ਨਹੀਂ ਤਾਂ ਉਂਗਲ ਉਹਨਾਂ ਵੱਲ ਵੀ ਉੱਠੇਗੀ। ਇਲਜ਼ਾਮ ਅਤੇ ਦੂਸ਼ਣਬਾਜੀ ਬੰਦ ਕਰਕੇ ਕਿਸਾਨਾਂ ਦੀਆਂ ਜਥੇਬੰਦੀਆਂ ਇੱਕਜੁੱਟ ਹੋਣ। ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਕੇਂਦਰ ਨਾਲ ਕਿਸਾਨਾਂ ਦਾ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕੀਤੀ,ਪਰ ਸਿਆਸੀ ਰੁਕਾਵਟਾਂ ਪੈਰ ਨਹੀਂ ਲੱਗਣ ਦਿੰਦੀਆਂ। ਕੇਂਦਰ ਨੂੰ ਇਸ ਸੰਵੇਦਨਸ਼ੀਲ ਮੁੱਦੇ ਦਾ ਹੱਲ ਕੱਢਣਾ ਚਾਹੀਦਾ ਹੈ। ਕਿਸਾਨ ਆਗੂਆਂ ਅਤੇ ਜਥੇਬੰਦੀਆਂ ਨੂੰ ਇੱਕ ਵਾਰ ਫਿਰ ਤੋਂ ਬਾਂਕੇ ਦਿਆਲ ਦਾ ਨਾਅਰਾ ਬੁਲੰਦ ਕਰਨਾ ਚਾਹੀਦਾ ਹੈ:-
“ਪੱਗੜੀ ਸੰਭਾਲ ਓ ਜੱਟਾ ਪਗੜੀ,
ਹਿੰਦ ਹੈ ਤੇਰਾ ਮੰਦਰ, ਤੂੰ ਇਸਦਾ ਪੂਜਾਰੀ,
ਝੱਲੇਗਾ ਅਜੇ ਕਦ ਤੱਕ ਹੋਰ ਖੁਆਰੀ,
ਮਰਨੇ ਦੀ ਕਰ ਲੈ ਹੁਣ ਤੂੰ ਵੱਡੀ ਤਿਆਰੀ,
ਮਰਨੇ ਤੋਂ ਜੀਣਾ ਭੈੜਾ ਹੋ ਕੇ ਬੇਹਾਲ ਓ,
ਪਗੜੀ ਸੰਭਾਲ ਓ ਜੱਟਾ ਪਗੜੀ”

Related posts

ਖ਼ਾਲਸਾ ਕਾਲਜ ਦੀ ਬਾਕਸਿੰਗ ਟੀਮ ਨੇ 4ਵੀਂ ਵਾਰ ਜਿੱਤੀ ਇੰਟਰ ਕਾਲਜ ਚੈਂਪੀਅਨਸ਼ਿਪ !

admin

ਤ੍ਰਿਪੁਰਾ ਦੀ ਧਰਤੀ ‘ਤੇ ਸੀਬਾ ਦੇ ਗੱਭਰੂਆਂ ਨੇ ਪਾਈਆਂ ਧਮਾਲਾਂ !

admin

ਡੱਲੇਵਾਲ ਨੂੰ ਕੁੱਝ ਹੋਇਆ ਤਾਂ ਪੈਦਾ ਹੋਣ ਵਾਲੀ ਸਥਿਤੀ ਲਈ ਸਰਕਾਰ ਹੋਵੇਗੀ ਜ਼ਿੰਮੇਵਾਰ – ਪੰਧੇਰ

admin