ਨਵੀਂ ਦਿੱਲੀ – ਪਟਾਕਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਦੇ ਮਸਲੇ ’ਤੇ ਸੁਪਰੀਮ ਕੋਰਟ ਨੇ ਸਖ਼ਤ ਰੁਖ ਅਪਣਾਇਆ ਹੈ। ਉੱਚ ਅਦਾਲਤ ਨੇ ਬੁੱਧਵਾਰ ਨੂੰ ਕਿਹਾ ਕਿ ਪਟਾਕਿਆਂ ਨੂੰ ਬਣਾਉਣ ’ਚ ਜ਼ਹਿਰੀਲੇ ਰਸਾਇਣਾਂ ਦੇ ਇਸਤੇਮਾਲ ’ਤੇ ਸੀਬੀਆਈ ਦੀ ਰਿਪੋਰਟ ਬਹੁਤ ਗੰਭੀਰ ਹੈ। ਅਸੀਂ ਇਸ ਤਰ੍ਹਾਂ ਨਾਲ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਚ ਮਰਨ ਲਈ ਨਹੀਂ ਛੱਡ ਸਕਦੇ ਹਾਂ। ਸੁਪਰੀਮ ਕੋਰਟ ਨੇ ਸਾਫ ਕਿਹਾ ਕਿ ਦ੍ਰਿਸ਼ਟਿਆ ਬੇਰੀਅਮ ਜਿਹੇ ਖ਼ਤਰਨਾਕ ਤੱਤ ਦਾ ਇਸਤੇਮਾਲ ਘਾਤਕ ਹੈ। ਪਟਾਕਿਆਂ ’ਤੇ ਲੇਬਲ ਲਾਉਣ ਦੇ ਮਾਮਲੇ ’ਚ ਵੀ ਅਦਾਲਤ ਦੇ ਹੁਕਮਾਂ ਦੀ ਵੀ ਅਣਦੇਖੀ ਕੀਤੀ ਗਈ ਹੈ।
ਜਸਟਿਸ ਐੱਮਆਰ ਸ਼ਾਹ ਤੇ ਜਸਟਿਸ ਏਐੱਸ ਬੋਪੰਨਾ ਦੀ ਬੈਂਚ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਸੀਬੀਆਈ ਨੇ ਜ਼ਬਤ ਕੀਤੇ ਗਏ ਪਟਾਕਿਆਂ ’ਚ ਬੇਰੀਅਮ ਸਾਲਟ ਜਿਹੇ ਹਾਨੀਕਾਰਕ ਰਸਾਇਣ ਪਾਏ। ਹਿੰਦੁਸਤਾਨ ਫਾਇਰਵਰਕਰਜ਼ ਤੇ ਸਟੈਂਡਰਡ ਫਾਇਰਵਰਕਰਜ਼ ਜਿਹੇ ਨਿਰਮਾਤਾਵਾਂ ਨੇ ਭਾਰੀ ਮਾਤਰਾ ’ਚ ਬੇਰੀਅਮ ਖਰੀਦਿਆ ਤੇ ਪਟਾਕਿਆਂ ’ਚ ਇਸਤੇਮਾਲ ਕੀਤਾ। ਉੱਚ ਅਦਾਲਤ ਨੇ ਕਿਹਾ ਕਿ ਹਰ ਦਿਨ ਦੇਸ਼ ’ਚ ਜਸ਼ਨ ਹੁੰਦਾ ਹੈ ਪਰ ਉਸ ਦੇ ਦੂਸਰੇ ਪਹਿਲੂਆਂ ’ਤੇ ਵੀ ਗੌਰ ਕਰਨਾ ਹੋਵੇਗਾ। ਲੋਕਾਂ ਨੂੰ ਇਸ ਤਰ੍ਹਾਂ ਮਰਨ ਲਈ ਨਹੀਂ ਛੱਡਿਆ ਜਾ ਸਕਦਾ।