Punjab

ਪਟਿਆਲੇ ਦੇ ਸਿੱਧੂਆਂ ਦੇ ਨਾਂ ਰਿਹਾ ਲੰਘਿਆ ਸਾਲ 2021

ਪਟਿਆਲਾ – ਲੰਘਿਆ ਸਾਲ 2021 ਪਟਿਆਲੇ ਦੇ ਸਿੱਧੂਆਂ ਦੇ ਨਾਮ ਰਿਹਾ। ਅਸੀਂ ਗੱਲ ਕਰ ਰਹੇ ਹਾਂ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੀ। ਜੇ ਇਹ ਕਹੀਏ ਕਿ ਪਟਿਆਲੇ ਦੇ ਇਨ੍ਹਾਂ ਦੋਹਾਂ ਸਿੱਧੂਆਂ ਨੇ ਜਾਂ ਕਹਿ ਲਓ ਇਨ੍ਹਾਂ ਦੀ ਲੜਾਈ ਨੇ ਪੰਜਾਬ ਦੀ ਰਾਜਨੀਤੀ ਦੀ ਤਸਵੀਰ ਹੀ ਬਦਲਕੇ ਰੱਖ ਦਿੱਤੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਸ ਵਰ੍ਹੇ ਵਿਚ ਨਵਜੋਤ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦਾ ਪ੍ਰਧਾਨ ਥਾਪਿਆ ਗਿਆ ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੀ ਮੁੱਖ ਮੰਤਰੀ ਕੁਰਸੀ ਤੋਂ ਹੱਥ ਧੋਣਾ ਪਿਆ, ਇੱਥੇ ਹੀ ਬੱਸ ਨਹੀਂ ਇਸ ਵਰ੍ਹੇ ਚ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿੰਦਿਆਂ ਆਪਣੀ ਨਵੀਂ ਪਾਰਟੀ ਦਾ ਆਗਾਜ਼ ਕੀਤਾ ਗਿਆ। ਜਿਸ ਦਾ ਭਾਰਤੀ ਜਨਤਾ ਪਾਰਟੀ ਨਾਲ ਰਲੇਵਾ ਹੋਣ ਨਾਲ ਪੰਜਾਬ ਦੀ ਸਿਆਸਤ ’ਤੇ ਵੱਡਾ ਅਸਰ ਪਿਆ ਹੈ।

ਸਾਲ ਦੇ ਸ਼ੁਰੂਆਤੀ ਦਿਨਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਪੂਰੀ ਟੌਹਰ ਰਹੀ। ਮਾਰਚ ਮਹੀਨੇ ਵਿਚ ਨਵਜੋਤ ਸਿੱਧੂ ਦਾ ਪਰਿਵਾਰ ਪਟਿਆਲਾ ਵਿਖੇ ਸਥਿਤ ਜੱਦੀ ਘਰ ਵਿਚ ਪੁੱਜਣ ਲੱਗਿਆ। ਜਿਸਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਹਵਾਵਾਂ ਚੱਲਣੀਆਂ ਸ਼ੁਰੂ ਹੋਈਆਂ। ਮਾਰਚ ਮਹੀਨੇ ਤੱਕ ਨਵਜੋਤ ਸਿੰਘ ਸਿੱਧੂ ਪਟਿਆਲਾ ਵਿਚ ਪੂਰੀ ਤਰ੍ਹਾ ਸਰਗਰਮ ਹੋ ਗਏ ਤੇ ਕੈਪਟਨ ਅਮਰਿੰਦਰ ਸਿੰਘ ’ਤੇ ਸਿੱਧ ਨਿਸ਼ਾਨੇ ਲਾਉਣੇ ਸ਼ੁਰੂ ਕੀਤੇ। ਸਾਲ ਦੇ ਅੱਧ ਤੱਕ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੀ ਦੌੜ ਚੱਲੀ ’ਤੇ ਪਾਰਟੀ ਵਿਚ ਧੇੜਬੰਦੀ ਵੀ ਸ਼ੁਰੂ ਹੋਈ। ਕਾਂਗਰਸ ਪਾਰਟੀ ਦਾ ਇੱਕ ਧੜਾ ਨਵਜੋਤ ਸਿੰਘ ਸਿੱਧੂ ਦੇ ਨਾਲ ਆ ਖੜ੍ਹਿਆ। ਕਾਂਗਰਸ ਵਿਚ ਹਲਚਲ ਹੋਈ ਤਾਂ ਇਸਦੀ ਧਮਕ ਦਿੱਲੀ ਤੱਕ ਵੀ ਪੁੱਜੀ। ਇਸ ਤੋਂ ਵੀ ਵੱਡਾ ਝਟਕਾ ਕੈਪਟਨ ਅਮਰਿੰਦਰ ਸਿੰਘ ਨੂੰ ਉਦੋਂ ਲੱਗਿਆ ਜਦੋਂ ਉਨਾਂ ਦੀ ਖਿਲਾਫਤ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾ ਦਿੱਤਾ। ਇਸ ਤੋਂ ਬਾਅਦ ਹੀ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਾਲੀ ਕੁਰਸੀ ਹਿੱਲਣੀ ਸ਼ੂਰੁ ਹੋਈ। ਸਿੱਧੂ ਵੱਲੋਂ ਜੁਲਾਈ ਵਿੱਚ ਪਾਰਟੀ ਪ੍ਰਧਾਨ ਦਾ ਅਹੁਦਾ ਪੰਜਾਬ ਕਾਂਗਰਸ ਭਵਨ ਵਿੱਚ ਸਾਂਭ ਲਿਆ ਇਸ ਵੱਡੇ ਸਮਾਰੋਹ ਦੌਰਾਨ ਵੀ ਸਿੱਧੂ ਅਤੇ ਕੈਪਟਨ ਇਕੱਠੇ ਹੋ ਕੇ ਵੀ ਇੱਕ ਨਾ ਹੋ ਸਕੇ।ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਬਦਲਣ ਦੀ ਕਵਾਇਦ ਵੀ ਸ਼ੁਰੂ ਹੋਈ। ਵੱਡੀ ਗਿਣਤੀ ਵਿਧਾਇਕਾਂ ਨੇ ਅੰਦਰਖਾਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਯੋਜਨਾ ਬਣਾਈ। ਆਪਣੇ ਖਿਲਾਫ ਬਗਾਵਤ ਹੁੰਦੀ ਦੇਖ ਕੈਪਟਨ ਅਮਰਿੰਦਰ ਸਿੰਘ ਨੇ ਸਤੰਬਰ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਖੁਦ ਹੀ ਅਸਤੀਫਾ ਦੇ ਦਿੱਤਾ। ਜਿਸਤੋਂ ਬਾਅਦ ਕਾਂਗਰਸ ਪਾਰਟੀ ਵਿਚਲਾ ਕਲੇਸ਼ ਸੰਸਾਰ ਭਰ ਲਈ ਸੁਰਖੀ ਬਣ ਗਿਆ। ਕਾਂਗਰਸ ਵਲੋਂ ਕੈਪਟਨ ਦੀ ਪ੍ਰਵਾਹ ਨਾ ਕਰਦਿਆਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਨਾਲੋਂ ਤੋੜ ਵਿਛੋੜਾ ਕਰਦਿਆਂ ਆਪਣੀ ਨਵੀਂ ਪਾਰਟੀ ਬਣਾਈ। ਜਿਸਦਾ ਰਲੇਵਾਂ ਭਾਰਤੀ ਜਨਤਾ ਪਾਰਟੀ ਨਾਲ ਹੋਣ ’ਤੇ ਸਿਆਸੀ ਸਮੀਕਰਨ ਵੀ ਬਦਲੇ।ਨਵਾਂ ਮੁੱਖ ਮੰਤਰੀ ਤੇ ਕੈਬਨਿਟ ਵਿਚ ਨਵੇਂ ਮੰਤਰੀਆਂ ਦਾ ਨਾਮ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਪ੍ਰਧਾਨਗੀ ਦੇ ਆਹੁਦੇ ਤੋਂ ਅਸਤੀਫਾ ਦੇ ਕੇ ਆਪਣੀ ਹੀ ਪਾਰਟੀ ਨੂੰ ਫੇਰ ਵੱਡਾ ਝਟਕਾ ਦਿੱਤਾ। ਸਿੱਧੂ ਦੀ ਨਰਾਜਗੀ ਕਰੀਬ ਇਕ ਮਹੀਨੇ ਤੱਕ ਚੱਲਦੀ ਰਹੀ। ਚੰਨੀ ਸਰਕਾਰ ਵਲੋਂ ਐਡਵੋਕੇਟ ਜਨਰਲ ਬਦਲਣ ਤੋਂ ਬਾਅਦ ਸਿੱਧੂ ਦੀ ਨਰਾਜਗੀ ਦੂਰ ਹੋਈ ਤਾਂ ਉਨਾਂ ਨੇ ਆਪਣਾ ਅਸਤੀਫਾ ਵੀ ਵਾਪਸ ਲਿਆ।

ਸਮਾਜਿਕ ਚਿੰਤਕ ਅਮਨ ਅਰੋੜਾ ਦੀ ਮੰਨੀਏ ਤਾਂ ਕੁਲ ਮਿਲਾਕੇ 2021 ਦੌਰਾਨ ਪਟਿਆਲੇ ਦੇ ਸਿੱਧੂਆਂ ਦੀ ਲੜਾਈ ਬਦੌਲਤ ਮੁੱਖ ਮੰਤਰੀ ਦਾ ਬਦਲਿਆ ਜਾਣਾ, ਨਵੀਂ ਪਾਰਟੀ ਦਾ ਗਠਨ ਹੋਣਾ, ਕਿਸਾਨ ਅੰਦੋਲਨ ਕਾਰਨ ਬੈੱਕਫੁੱਟ ‘ਤੇ ਗਈ ਭਾਜਪਾ ਨੂੰ ਮੁੜ ਆਕਸੀਜਨ ਮਿਲਣਾ ਅਜਿਹੀਆਂ ਘਟਨਾਵਾਂ ਹਨ, ਜਿਸਦੇ ਦੇ ਨਿਸ਼ਾਨ ਪੰਜਾਬ ਦੀ ਰਾਜਨੀਤਿਕ ਦ੍ਰਿਸ਼ ਤੇ ਸਦਾ ਲਈ ਉਕਰੇ ਗਏ, ਅਤੇ ਭਵਿੱਖ ਵਿੱਚ ਵੀ ਇਸਦੇ ਨਤੀਜੇ ਦੇਖਣ ਨੂੰ ਮਿਲਣਗੇ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin