ਸ਼੍ਰੀਨਗਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਦੌਰਾਨ 26 ਦੇ ਕਰੀਬ ਹਿੰਦੂ ਲੋਕਾਂ ਦੀ ਹੱਤਿਆ ਕੀਤੀ ਗਈ ਅਤੇ 12 ਹੋਰ ਜ਼ਖ਼ਮੀ ਹੋਏ। ਇਸ ਤੋਂ ਬਾਅਦ ਪੂਰੇ ਦੇਸ਼ ਵਿੱਚ ਇਸ ਨੂੰ ਲੈ ਕੇ ਰੋਸ ਸ਼ੁਰੂ ਹੋ ਗਿਆ। ਕਈ ਥਾਂਵਾਂ ਉੱਤੇ ਪਾਕਿਸਤਾਨ ਦੇ ਝੰਡੇ ਨੂੰ ਸਾੜਿਆ ਗਿਆ ਅਤੇ ਕਈ ਜਗ੍ਹਾ ਉੱਤੇ ਦੋਸ਼ੀਆਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਅਤੇ ਇਸਦੇ ਨਾਲ-ਨਾਲ ਇੱਕ ਵਾਰ ਫਿਰ ਤੋਂ ਹਿੰਦੂ ਪਰਿਵਾਰਾਂ ਵੱਲੋਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਨੂੰ ਯਾਦ ਕਰਦੇ ਹੋਏ ਹਿੰਦੂਆਂ ਦੀ ਰੱਖਿਆ ਕਰਨ ਲਈ ਅਰਦਾਸ ਕੀਤੀ ਗਈ।
ਅੰਮ੍ਰਿਤਸਰ ਦੇ ਰਾਣੀ ਕੇ ਬਾਗ ਦੇ ਵਿੱਚ ਇੱਕ ਕੈਂਡਲ ਮਾਰਚ ਕੱਢਿਆ ਗਿਆ ਅਤੇ ਇਸ ਵਿੱਚ ਬਹੁਤਾਤ ਔਰਤਾਂ ਅਤੇ ਬਜ਼ੁਰਗਾਂ ਦੇ ਨਾਲ-ਨਾਲ ਨੌਜਵਾਨ ਬੱਚੇ ਵੀ ਸ਼ਾਮਿਲ ਸਨ। ਉਨ੍ਹਾਂ ਵੱਲੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਗੱਲ ਵੀ ਕੀਤੀ ਗਈ, ਹਾਲਾਂਕਿ ਕਈ ਔਰਤਾਂ ਦੀਆਂ ਅੱਖਾਂ ਇਸ ਕੈਂਡਲ ਮਾਰਚ ਵਿੱਚ ਵੀ ਹੰਝੂਆਂ ਨਾਲ ਭਿੱਜੀਆਂ ਨਜ਼ਰ ਆਈਆਂ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਕਿਸੇ ਸਮੇਂ ਹਿੰਦੂ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਗਈ ਸੀ ਅਤੇ ਅੱਜ ਵੀ ਉਨ੍ਹਾਂ ਨੂੰ ਹਿੰਦੂ ਪਰਿਵਾਰ ਯਾਦ ਕਰਦੇ ਹਨ।
ਸ੍ਰੀਨਗਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਦੇ ਲਈ ਅੱਜ ਅੰਮ੍ਰਿਤਸਰ ਦੇ ਰਾਣੀ ਕੇ ਬਾਗ ਦੇ ਵਿੱਚ ਇੱਕ ਵਿਸ਼ਾਲ ਕੈਂਡਲ ਮਾਰਚ ਕੱਢਿਆ ਗਿਆ।
ਇੱਥੇ ਦੱਸਣਯੋਗ ਹੈ ਕੀ ਸ੍ਰੀਨਗਰ ਦੇ ਪਹਿਲਗਾਮ ਦੇ ਵਿੱਚ ਹੋਏ ਇਸ ਅੱਤਵਾਦੀ ਹਮਲੇ ਦੇ ਦੌਰਾਨ 26 ਤੋਂ ਵੱਧ ਲੋਕਾਂ ਦੀ ਜਾਨ ਜਾਣ ਦੀ ਸੂਚਨਾ ਪ੍ਰਾਪਤ ਹੋਣ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਇੱਕ ਰੋਸ ਦੀ ਲਹਿਰ ਸ਼ੁਰੂ ਹੋ ਚੁੱਕੀ ਹੈ। ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਦੇ ਨਾਲ ਹਰ ਇੱਕ ਤਰ੍ਹਾਂ ਦਾ ਨਾਤਾ ਤੋੜਿਆ ਜਾ ਰਿਹਾ ਹੈ।