ਚੰਡੀਗੜ੍ਹ – ਪੰਜਾਬ ਕਾਂਗਰਸ ’ਚ ਚੱਲ ਰਹੇ ਅੰਦਰੂਨੀ ਕਲੇਸ਼ ਦੀ ਅੱਗ ਦੀ ਤਪਸ਼ ਹੁਣ ਉੱਤਰਾਖੰਡ ’ਚ ਵੀ ਵਿਖਾਈ ਦੇ ਰਹੀ ਹੈ। ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਵੱਲੋਂ ਵਿਦਰੋਹੀ ਰੁਖ ਅਪਣਾਉਣ ਤੇ ਕਾਂਗਰਸ ਦੇ ਸਾਂਸਦ ਤੇ ਸੀਨੀਅਰ ਨੇਤਾ ਮਨੀਸ਼ ਤਿਵਾੜੀ ਨੇ ਚੁਟਕੀ ਲਈ ਹੈ। ਮਨੀਸ਼ ਤਿਵਾੜੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ, ‘ਪਹਿਲਾਂ ਅਸਾਮ, ਫਿਰ ਪੰਜਾਬ, ਹੁਣ ਉੱਤਰਾਖੰਡ… ਭੋਗ ਪੂਰਾ ਹੀ ਪਾਉਣਗੇ, ਕਸਰ ਨਾ ਰਹਿ ਜਾਵੇ ਕੋਈ।’ ਅਹਿਮ ਗੱਲ ਇਹ ਹੈ ਕਿ ਤਿਵਾੜੀ ਨੇ ਇਕ ਤੀਰ ਨਾਲ ਹੀ ਕਈ ਨਿਸ਼ਾਨੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਉੱਥੇ, ਰਾਵਤ ਦੇ ਵਿਦਰੋਹੀ ਤੇਵਰ ’ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ‘ਤੁਸੀਂ ਜਿਹੋ-ਜਿਹਾ ਬੀਜੋਗੇ, ਉਹੋ-ਜਿਹਾ ਹੀ ਵੱਢੋਗੇ।’ ਜ਼ਿਕਰਯੋਗ ਹੈ ਕਿ ਹਰੀਸ਼ ਰਾਵਤ ਨੇ ਕੱਲ੍ਹ ਇੰਟਰਨੈੱਟ ਮੀਡੀਆ ’ਤੇ ਇਕ ਪੋਸਟ ਪਾਈ ਸੀ। ਉਸ ’ਚ ਉਨ੍ਹਾਂ ਨੇ ਉੱਤਰਾਖੰਡ ’ਚ ਸੰਗਠਨ ਦਾ ਸਹਿਯੋਗ ਨਾ ਮਿਲਣ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਰਾਵਤ ਦੀ ਇਹ ਪੋਸਟ ਪੰਜਾਬ ’ਚ ਖਾਸੀ ਚਰਚਿਤ ਹੋਈ ਹੈ, ਕਿਉਂਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ‘ਜਨਮਦਾਤਾ’ ਹਰੀਸ਼ ਰਾਵਤ ਨੂੰ ਹੀ ਮੰਨਿਆ ਜਾ ਰਿਹਾ ਹੈ। ਦਰਅਸਲ, ਹਰੀਸ਼ ਰਾਵਤ ਦੇ ਪੰਜਾਬ ’ਚ ਸੂਬਾ ਇੰਚਾਰਜ ਬਣ ਕੇ ਆਉਣ ਤੋਂਬਾਅਦ ਹੀ ਕਾਂਗਰਸ ਦਾ ਅੰਦਰੂਨੀ ਕਲੇਸ਼ ਸ਼ੁਰੂ ਹੋ ਗਿਆ। ਰਾਵਤ ਨੇ ਸਭ ਤੋਂ ਪਹਿਲਾਂ ਕੈਪਟਨ ਦੇ ਧੁਰ ਵਿਰੋਧੀ ਨਵਜੋਤ ਸਿੰਘ ਸਿੱਧੂ ਨੂੰ ਤਵੱਜੋਂ ਦਿੱਤੀ। ਸਿੱਧੂ ਦੇ ਸਰਗਰਮ ਹੋਣ ਤੋਂ ਬਾਅਦ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਇਕ ਦਲ ਕੈਪਟਨ ਖ਼ਿਲਾਫ਼ ਖੜ੍ਹਾ ਹੋ ਗਿਆ। ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬੇਭਰੋਸਗੀ ਪ੍ਰਗਟ ਕਰ ਦਿੱਤੀ। ਮੰਨਿਆ ਜਾ ਰਿਹਾ ਹੈ ਕਿ ਕੈਪਟਨ ਦੇ ਤਖਤਾ ਪਲਟ ਦੇ ਪਿੱਛੇ ਹਰੀਸ਼ ਰਾਵਤ ਦੀ ਬਹੁਤ ਵੱਡੀ ਭੂਮਿਕਾ ਸੀ। ਉੱਥੇ, ਕੈਪਟਨ ਦੇ ਤਖਤਾਪਲਟ ਤੋਂ ਬਾਅਦ ਰਾਵਤ ਨੇ ਕਾਂਗਰਸ ਇੰਚਾਰਜ ਦਾ ਅਹੁਦਾ ਵੀ ਛੱਡ ਦਿੱਤਾ, ਇਸ ਲਈ ਵੀ ਇਹ ਚਰਚਾ ਦਾ ਕੇਂਦਰ ਰਿਹਾ ਹੈ ਕਿ ਰਾਵਤ ਨੇ ਸਿਰਫ਼ ਕੈਪਟਨ ਦਾ ਤਖਤਾਪਲਟ ਲਈ ਹੀ ਪੰਜਾਬ ਦੇ ਇੰਚਾਰਜ ਅਹੁਦੇ ਦੀ ਭੂਮਿਕਾ ਨੂੰ ਸਵੀਕਾਰ ਕੀਤਾ ਸੀ। ਇਹੀ ਕਾਰਨ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ‘ਤੁਸੀਂ ਜਿਹੋ-ਜਿਹਾ ਬੀਜੋਗੇ, ਉਹੋ-ਜਿਹਾ ਹੀ ਵੱਢੋਗੇ।’ ਇਹੀ ਕਾਰਨ ਹੈ ਕਿ ਕੈਪਟਨ ਦੇ ਕਰੀਬੀ ਰਹੇ ਮਨੀਸ਼ ਤਿਵਾੜੀ ਨੇ ਵੀ ਪਹਿਲਾਂ ਅਸਾਮ, ਫਿਰ ਪੰਜਾਬ, ਹੁਣ ਉੱਤਰਾਖੰਡ…। ਹਾਲਾਂਕਿ ਤਿਵਾੜੀ ਨੇ ਆਪਣੇ ਟਵੀਟ ’ਚ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਾਂਗਰਸ ਪਾਰਟੀ ’ਤੇ ਤਨਜ਼ ਕਰ ਰਹੇ ਹਨ ਜਾਂ ਰਾਵਤ ਨੂੰ। ਕਿਉਂਕਿ ਮਨੀਸ਼ ਤਿਵਾੜੀ ਪਿਛਲੇ ਕਈ ਦਿਨਾਂ ਤੋਂ ਕਾਂਗਰਸ ਨੂੰ ਲੈ ਕੇ ਖ਼ਾਸੇ ਸਰਗਰਮ ਰਹੇ ਹਨ।