India

ਪਹਿਲੀ ਵਾਰ ਚੋਣ ਬਾਂਡ ’ਤੇ ਬੋਲੇ ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਬਾਂਡ ’ਤੇ ਪਹਿਲਾ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਵਲੋਂ ਇਹ ਗੱਲ ਜ਼ੋਰ ਦੇ ਕੇ ਕਹੀ ਗਈ ਹੈ ਕਿ ਜਿਹੜਾ ਵੀ ਇਸ ਦਾ ਵਿਰੋਧ ਕਰ ਰਿਹਾ ਹੈ, ਉਸ ਨੂੰ ਇਕ ਦਿਨ ਜ਼ਰੂਰ ਪਛਤਾਉਣਾ ਪਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਗੱਲ ਨੂੰ ਖਾਰਜ ਕਰ ਦਿਤਾ ਕਿ ਚੋਣ ਬਾਂਡ ਦਾ ਮੁੱਦਾ ਉਨ੍ਹਾਂ ਦੀ ਸਰਕਾਰ ਲਈ ਇਕ ਝਟਕਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਪ੍ਰਣਾਲੀ ਸੰਪੂਰਨ ਨਹੀਂ ਹੈ ਅਤੇ ਖਾਮੀਆਂ ਨੂੰ ਸੁਧਾਰਿਆ ਜਾ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਮੁੱਦੇ ’ਤੇ ਹੰਗਾਮਾ ਕਰਨ ਵਾਲੇ ਲੋਕ ਪਛਤਾਉਣਗੇ। ’ਥਾਂਥੀ’ ਟੀਵੀ ’ਤੇ ਇੰਟਰਵਿਊ ਦੌਰਾਨ ਪੁੱਛੇ ਜਾਣ ’ਤੇ ਕਿ ਕੀ ਚੋਣ ਬਾਂਡ ਦੇ ਵੇਰਵੇ ਸੱਤਾਧਾਰੀ ਭਾਜਪਾ ਲਈ ਝਟਕਾ ਸਨ, ਮੋਦੀ ਨੇ ਕਿਹਾ, “ਮੈਨੂੰ ਦੱਸੋ ਕਿ ਅਸੀਂ ਅਜਿਹਾ ਕੀ ਕੀਤਾ ਹੈ ਕਿ ਮੈਨੂੰ ਇਸ ਨੂੰ ਝਟਕੇ ਵਜੋਂ ਦੇਖਣਾ ਚਾਹੀਦਾ ਹੈ। ਮੈਨੂੰ ਪੱਕਾ ਵਿਸ਼ਵਾਸ ਹੈ ਕਿ ਜੋ ਲੋਕ ਇਸ (ਬਾਂਡ ਦੇ ਵੇਰਵੇ) ਬਾਰੇ ਹੰਗਾਮਾ ਕਰ ਰਹੇ ਹਨ ਅਤੇ ਇਸ ’ਤੇ ਮਾਣ ਮਹਿਸੂਸ ਕਰ ਰਹੇ ਹਨ, ਉਹ ਇਸ ’ਤੇ ਪਛਤਾਉਣਗੇ”।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਚੋਣ ਬਾਂਡ ਯੋਜਨਾ ਦੇ ਕਾਰਨ ਹੀ ਦਾਨ ਦੇ ਸਰੋਤਾਂ ਅਤੇ ਇਸ ਦੇ ਲਾਭਪਾਤਰੀਆਂ ਦਾ ਪਤਾ ਲਗਾਇਆ ਜਾ ਸਕਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜੇਕਰ ਜਾਣਕਾਰੀ ਮਿਲਦੀ ਹੈ ਤਾਂ ਇਹ ਬਾਂਡ ਕਾਰਨ ਹੈ। ਮੋਦੀ ਨੇ ਸਵਾਲ ਕੀਤਾ ਕਿ ਕੀ ਕੋਈ ਏਜੰਸੀ 2014 ’ਚ ਕੇਂਦਰ ’ਚ ਸੱਤਾ ’ਚ ਆਉਣ ਤੋਂ ਪਹਿਲਾਂ ਚੋਣਾਂ ਲਈ ਫੰਡਾਂ ਦੇ ਸਰੋਤਾਂ ਅਤੇ ਉਨ੍ਹਾਂ ਦੇ ਲਾਭਪਾਤਰੀਆਂ ਦੀ ਵਿਆਖਿਆ ਕਰ ਸਕਦੀ ਹੈ। ਉਨ੍ਹਾਂ ਕਿਹਾ, “ਕੋਈ ਵੀ ਸਿਸਟਮ ਸੰਪੂਰਨ ਨਹੀਂ ਹੁੰਦਾ। ਕੁੱਝ ਖਾਮੀਆਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ ਹੈ।
ਵਿਰੋਧੀ ਪਾਰਟੀਆਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਏ ਖੁਲਾਸਿਆਂ ਦਾ ਹਵਾਲਾ ਦਿੰਦੇ ਹੋਏ ਸਰਕਾਰ ਪ੍ਰਤੀ ਹਮਲਾਵਰ ਰੁਖ ਅਪਣਾਇਆ ਹੈ। ਅਦਾਲਤ ਨੇ ਗੁਮਨਾਮ ਤੌਰ ’ਤੇ ਚੰਦਾ ਦੇਣ ਨੂੰ ਗੈਰ-ਸੰਵਿਧਾਨਕ ਕਰਾਰ ਦਿਤਾ ਸੀ ਅਤੇ ਚੋਣ ਬਾਂਡ ਨਾਲ ਜੁੜੀ ਸਾਰੀ ਜਾਣਕਾਰੀ ਜਨਤਕ ਕਰਨ ਦਾ ਨਿਰਦੇਸ਼ ਦਿਤਾ ਸੀ। ਅਪਰਾਧਿਕ ਜਾਂਚ ਦਾ ਸਾਹਮਣਾ ਕਰ ਰਹੀਆਂ ਕਈ ਕੰਪਨੀਆਂ ਨੇ ਵੱਡੀ ਮਾਤਰਾ ’ਚ ਬਾਂਡ ਖਰੀਦੇ ਸਨ।
ਇੰਟਰਵਿਊ ਦੌਰਾਨ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕਿਸੇ ਨੂੰ ਉਨ੍ਹਾਂ ਦੇ ਹਰ ਕੰਮ ’ਚ ਰਾਜਨੀਤੀ ਨਹੀਂ ਦੇਖਣੀ ਚਾਹੀਦੀ। ਉਨ੍ਹਾਂ ਕਿਹਾ ਕਿ ਉਹ ਦੇਸ਼ ਲਈ ਕੰਮ ਕਰਦੇ ਹਨ ਅਤੇ ਤਾਮਿਲਨਾਡੂ ਦੇਸ਼ ਦੀ ਵੱਡੀ ਤਾਕਤ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਵੋਟਾਂ ਹੀ ਉਨ੍ਹਾਂ ਦੀ ਮੁੱਖ ਚਿੰਤਾ ਹੁੰਦੀ ਤਾਂ ਉਹ ਉੱਤਰ-ਪੂਰਬੀ ਰਾਜਾਂ ਲਈ ਇੰਨਾ ਕੁੱਝ ਨਾ ਕਰਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਮੰਤਰੀਆਂ ਨੇ 150 ਤੋਂ ਵੱਧ ਵਾਰ ਇਸ ਖੇਤਰ ਦਾ ਦੌਰਾ ਕੀਤਾ ਹੈ ਅਤੇ ਉਹ ਖੁਦ ਬਾਕੀ ਸਾਰੇ ਪ੍ਰਧਾਨ ਮੰਤਰੀਆਂ ਨਾਲੋਂ ਵੱਧ ਵਾਰ ਉਥੇ ਗਏ ਹਨ।
ਮੋਦੀ ਨੇ ਕਿਹਾ, ’’ਸਿਰਫ ਸਿਆਸੀ ਨੇਤਾ ਹੋਣ ਦਾ ਮਤਲਬ ਇਹ ਨਹੀਂ ਕਿ ਮੈਂ ਸਿਰਫ ਚੋਣਾਂ ਜਿੱਤਣ ਲਈ ਕੰਮ ਕਰਦਾ ਹਾਂ।’’

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin