India

ਪਹਿਲੇ ਏਸ਼ੀਆਈ ਬੋਧੀ ਸਿਖਰ ਸੰਮੇਲਨ ਦਾ ਰਾਸ਼ਟਰਪਤੀ ਮੁਰਮੂ ਵੱਲੋਂ ਉਦਘਾਟਨ

ਨਵੀਂ ਦਿੱਲੀ – ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਪਹਿਲੇ ਦੋ-ਰੋਜ਼ਾ ਏਸ਼ੀਆਈ ਬੋਧੀ ਸਿਖਰ ਸੰਮੇਲਨ ਦਾ ਆਗਾਜ਼ ਮੰਗਲਵਾਰ ਨੂੰ ਇਥੇ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਹਾਜ਼ਰੀ ਵਿਚ ਹੋਇਆ, ਜਿਸ ਵਿਚ ਏਸ਼ੀਆ ਭਰ ਦੇ ਵੱਖ-ਵੱਖ ਮੁਲਕਾਂ ਤੋਂ ਬੋਧੀ ਭਿਖਸ਼ੂ ਅਤੇ ਹੋਰ ਬੋਧੀ ਵਿਦਵਾਨ ਹਿੱਸਾ ਲੈ ਰਹੇ ਹਨ। ਇਹ ਸੰਮੇਲਨ ਕੇਂਦਰੀ ਸੱਭਿਆਚਾਰਕ ਮਾਮਲੇ ਮੰਤਰਾਲੇ ਵੱਲੋਂ ਕੌਮਾਂਤਰੀ ਬੋਧੀ ਕਨਫੈਡਰੇਸ਼ਨ – ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਰਾਸ਼ਟਰਪਤੀ ਮੁਰਮੂ ਨੇ ਬੋਧੀ ਪ੍ਰਾਰਥਨਾ ਦੇ ਉਚਾਰਣ ਦੌਰਾਨ ਦੀਪ ਜਲਾ ਕੇ ਸੰਮੇਲਨ ਦਾ ਉਦਘਾਟਨ ਕੀਤਾ। ਸੰਮੇਲਨ ਦਾ ਕੇਂਦਰੀ ਵਿਸ਼ਾ ‘ਏਸ਼ੀਆ ਦੀ ਮਜ਼ਬੂਤੀ ਵਿਚ ਬੁੱਧ ਧੰਮ ਦੀ ਭੂਮਿਕਾ’ ਰੱਖਿਆ ਗਿਆ ਹੈ।ਇਸ ਮੌਕੇ ਬੋਲਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤ ਧਰਮ ਦੀ ਮਿਹਰਾਂ ਵਾਲੀ ਭੂਮੀ ਹੋਣ ਦੇ ਨਾਤੇ ਬਹੁਤ ਸਾਰੇ ਗੁਰੂਆਂ, ਪੀਰਾਂ, ਪੈਗੰਬਰਾਂ, ਰਹੱਸਵਾਦੀਆਂ ਅਤੇ ਖੋਜੀਆਂ ਦਾ ਘਰ ਰਿਹਾ ਹੈ, ਜਿਨ੍ਹਾਂ ਨੇ ਮਨੁੱਖਤਾ ਨੂੰ ਅੰਦਰੋਂ ਸ਼ਾਂਤੀ ਅਤੇ ਬਾਹਰੋਂ ਸਦਭਾਵਨਾ ਪ੍ਰਾਪਤ ਕਰਨ ਦਾ ਰਸਤਾ ਦਿਖਾਇਆ ਹੈ। ਉਨ੍ਹਾਂ ਕਿਹਾ, “ਬੁੱਧ ਇਨ੍ਹਾਂ ਮਾਰਗ ਖੋਜੀਆਂ ਵਿੱਚ ਇੱਕ ਵਿਲੱਖਣ ਸਥਾਨ ਰੱਖਦੇ ਹਨ। ਬੋਧ ਗਯਾ ਵਿੱਚ ਬੋਧੀ ਰੁੱਖ (ਬੋਧੀ ਬੋਹੜ) ਦੇ ਹੇਠਾਂ ਸਿਧਾਰਥ ਗੌਤਮ ਦੀ ਗਿਆਨ ਪ੍ਰਾਪਤੀ ਇਤਿਹਾਸ ਵਿੱਚ ਇੱਕ ਲਾਸਾਨੀ ਘਟਨਾ ਸੀ। ਉਨ੍ਹਾਂ ਨਾ ਸਿਰਫ ਮਨੁੱਖੀ ਮਨ ਦੀਆਂ ਡੂੰਘਾਈਆਂ ਦੀ ਬੇਮਿਸਾਲ ਥਾਹ ਪਾਈ, ਸਗੋਂ ‘ਬਹੁਜਨ ਸੁਖਾਏ, ਬਹੁਜਨ ਹਿਤਾਏ’ ਦੀ ਭਾਵਨਾ ਤਹਿਤ ਆਪਣੇ ਗਿਆਨ ਨੂੰ ਲੋਕਾਂ ਨਾਲ ਸਾਂਝਾ ਕਰਨ ਦਾ ਰਾਹ ਵੀ ਅਪਣਾਇਆ।’’ ਉਨ੍ਹਾਂ ਕਿਹਾ ਕਿ ਅੱਜ ਸੰਸਾਰ ਕਈ ਮੋਰਚਿਆਂ ‘ਤੇ ਹੋਂਦ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ ਹਾਲਾਤ ਵਿੱਚ ਦੁਨੀਆਂ ਭਰ ਵਿਚਲੇ ਵਿਸ਼ਾਲ ਬੋਧੀ ਭਾਈਚਾਰੇ ਕੋਲ ਮਨੁੱਖਤਾ ਨੂੰ ਦੇਣ ਲਈ ਬਹੁਤ ਕੁਝ ਹੈ।ਉਨ੍ਹਾਂ ਹੋਰ ਕਿਹਾ, ‘‘ਬੁੱਧ ਧਰਮ ਦੀਆਂ ਵੱਖ-ਵੱਖ ਧਾਰਾਵਾਂ ਸੰਸਾਰ ਨੂੰ ਦਿਖਾਉਂਦੀਆਂ ਹਨ ਕਿ ਸੌੜੀ ਫ਼ਿਰਕਾਪ੍ਰਸਤੀ ਦਾ ਮੁਕਾਬਲਾ ਕਿਵੇਂ ਕੀਤਾ ਜਾ ਸਕਦਾ ਹੈ। ਉਨ੍ਹਾਂ ਦਾ ਕੇਂਦਰੀ ਸੰਦੇਸ਼ ਸ਼ਾਂਤੀ ਅਤੇ ਅਹਿੰਸਾ ‘ਤੇ ਸੇਧਿਤ ਰਹਿੰਦਾ ਹੈ। ਜੇ ਕੋਈ ਇੱਕ ਸ਼ਬਦ ਬੁੱਧ ਧੰਮ ਨੂੰ ਗ੍ਰਹਿਣ ਕਰ ਸਕਦਾ ਹੈ ਤਾਂ ਇਹ ‘ਕਰੁਣਾ’ ਜਾਂ ਹਮਦਰਦੀ ਹੋਣਾ ਚਾਹੀਦਾ ਹੈ, ਜਿਸਦੀ ਅੱਜ ਸਾਰੀ ਦੁਨੀਆ ਨੂੰ ਲੋੜ ਹੈ।’’ਬੁੱਧ ਦੀਆਂ ਸਿੱਖਿਆਵਾਂ ਨੂੰ ਸੰਭਾਲਣ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਸਰਕਾਰ ਨੇ ਪਾਲੀ ਅਤੇ ਪ੍ਰਾਕ੍ਰਿਤ ਭਾਸ਼ਾਵਾਂ ਸਮੇਤ ਹੋਰ ਭਾਸ਼ਾਵਾਂ ਨੂੰ ‘ਕਲਾਸੀਕਲ ਭਾਸ਼ਾ’ ਦਾ ਦਰਜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਦਕਾ ਹੁਣ ਪਾਲੀ ਅਤੇ ਪ੍ਰਾਕ੍ਰਿਤ ਭਾਸ਼ਾਵਾਂ ਨੂੰ ਵਿੱਤੀ ਸਹਾਇਤਾ ਮਿਲ ਸਕੇਗੀ, ਜੋ ਉਨ੍ਹਾਂ ਦੇ ਸਾਹਿਤਕ ਖਜ਼ਾਨਿਆਂ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਸੁਰਜੀਤੀ ਵਿੱਚ ਅਹਿਮ ਯੋਗਦਾਨ ਪਾਵੇਗੀ।ਰਾਸ਼ਟਰਪਤੀ ਮੁਰਮੂ ਨੇ ਜ਼ੋਰ ਦੇ ਕੇ ਕਿਹਾ ਕਿ ਏਸ਼ੀਆ ਮਹਾਂਦੀਪ ਨੂੰ ਮਜ਼ਬੂਤ ​​ਕਰਨ ਵਿੱਚ ਬੁੱਧ ਧਰਮ ਦੀ ਭੂਮਿਕਾ ਬਾਰੇ ਵੀ ਚਰਚਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, “ਸਾਨੂੰ ਇਹ ਘੋਖਣ ਲਈ ਚਰਚਾ ਦਾ ਵਿਸਤਾਰ ਕਰਨ ਦੀ ਲੋੜ ਹੈ ਕਿ ਬੁੱਧ ਧਰਮ ਕਿਵੇਂ ਏਸ਼ੀਆ ਅਤੇ ਸੰਸਾਰ ਵਿੱਚ ਸ਼ਾਂਤੀ, ਅਸਲ ਸ਼ਾਂਤੀ ਲਿਆ ਸਕਦਾ ਹੈ – ਇਕ ਅਜਿਹੀ ਸ਼ਾਂਤੀ, ਜਿਹੜੀ ਨਾ ਸਿਰਫ਼ ਜਿਸਮਾਨੀ ਹਿੰਸਾ ਤੋਂ ਮੁਕਤ ਹੋਵੇ, ਸਗੋਂ ਹਰ ਤਰ੍ਹਾਂ ਦੇ ਲਾਲਚ ਅਤੇ ਨਫ਼ਰਤ ਤੋਂ ਵੀ ਬੇਲਾਗ਼ ਹੋਵੇ, ਕਿਉਂਕਿ ਤਥਾਗਤ ਬੁੱਧ ਮੁਤਾਬਕ ਇਹ ਦੋ ਮਾਨਸਿਕ ਸ਼ਕਤੀਆਂ ਹੀ ਸਾਡੇ ਸਾਰੇ ਦੁੱਖਾਂ ਦੀ ਜੜ੍ਹ ਹਨ।”ਉਨ੍ਹਾਂ ਭਰੋਸਾ ਜ਼ਾਹਰ ਕੀਤਾ ਕਿ ਇਹ ਸਿਖਰ ਸੰਮੇਲਨ ਬੁੱਧ ਦੀਆਂ ਸਿੱਖਿਆਵਾਂ ਦੀ ਸਾਡੀ ਸਾਂਝੀ ਵਿਰਾਸਤ ਦੇ ਆਧਾਰ ‘ਤੇ ਸਾਡੇ ਸਹਿਯੋਗ ਨੂੰ ਮਜ਼ਬੂਤ ​​ਕਰਨ ਵਿਚ ਬਹੁਤ ਸਹਾਈ ਹੋਵੇਗਾ।

Related posts

ਭਾਰਤ ਦੀ ਬੈਡਮਿੰਟਨ ਓਲੰਪੀਅਨ ਪੀਵੀ ਸਿੰਧੂ ਨੇ ਕਰਵਾਇਆ ਵਿਆਹ !

admin

ਸੰਯੁਕਤ ਕਿਸਾਨ ਮੋਰਚਾ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਅਗਲੇ ਸੰਘਰਸ਼ ਦਾ ਐਲਾਨ !

admin

ਕੇਂਦਰ ਵੱਲੋਂ 5ਵੀਂ ਅਤੇ 8ਵੀਂ ਦੇ ਵਿਦਿਆਰਥੀਆਂ ਨੂੰ ਫੇਲ੍ਹ ਨਾ ਕਰਨ ਦੀ ਨੀਤੀ ਖ਼ਤਮ !

admin