ਨਵੀਂ ਦਿੱਲੀ – ਪਹਿਲੇ ਖੋ-ਖੋ ਵਿਸ਼ਵ ਕੱਪ ਦਾ ਆਯੋਜਨ ਅਗਲੇ ਸਾਲ 13 ਤੋਂ 19 ਜਨਵਰੀ ਤੱਕ ਤਿਆਗਰਾਜਾ ਸਟੇਡੀਅਮ ਵਿਚ ਕੀਤਾ ਜਾਵੇਗਾ। ਟੂਰਨਾਮੈਂਟ ਦੇ ਪ੍ਰਬੰਧਕਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਟੂਰਨਾਮੈਂਟ ਭਾਰਤ ਦੀਆਂ ਸਵਦੇਸ਼ੀ ਖੇਡਾਂ ਨੂੰ ਵਿਸ਼ਵ ਪੱਧਰ ‘ਤੇ ਦਿਖਾਉਣ ਦਾ ਮੌਕਾ ਹੈ। ਟੂਰਨਾਮੈਂਟ ਦੇ ਘੋਸ਼ਣਾ ਸਮਾਰੋਹ ਦੌਰਾਨ, ਟੀਮ ਮਹਾਰਾਸ਼ਟਰ ਅਤੇ ਬਾਕੀ ਭਾਰਤ ਦੇ ਵਿਚਕਾਰ ਇੱਕ ਪ੍ਰਦਰਸ਼ਨੀ ਮੈਚ ਖੇਡਿਆ ਗਿਆ ਜਿਸ ਵਿੱਚ ਮਹਾਰਾਸ਼ਟਰ ਨੇ 26-24 ਨਾਲ ਜਿੱਤ ਦਰਜ ਕੀਤੀ। ਸਮਾਰੋਹ ਦੌਰਾਨ ਵਿਸ਼ਵ ਕੱਪ ਦੇ ਅਧਿਕਾਰਤ ਲੋਗੋ ਅਤੇ ਟੈਗਲਾਈਨ ਦਾ ਵੀ ਉਦਘਾਟਨ ਕੀਤਾ ਗਿਆ। ਟੂਰਨਾਮੈਂਟ ਵਿੱਚ 24 ਦੇਸ਼ਾਂ ਦੀ ਇੱਕ ਪ੍ਰਭਾਵਸ਼ਾਲੀ ਲਾਈਨ ਅੱਪ ਹੋਵੇਗੀ ਜਿਸ ਵਿੱਚ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਹਿੱਸਾ ਲੈਣਗੀਆਂ। ਟੂਰਨਾਮੈਂਟ ਵਿੱਚ ਹਰੇਕ ਡਿਵੀਜ਼ਨ ਵਿੱਚ 16 ਟੀਮਾਂ ਹੋਣਗੀਆਂ, ਜਿਨ੍ਹਾਂ ਵਿੱਚ ਦਿਲਚਸਪ ਮੁਕਾਬਲਾ ਹੋਵੇਗਾ।