ਇਸਲਾਮਬਾਦ – ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ 19ਵੇਂ ਸਾਰਕ ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਭਾਰਤ ਜੇਕਰ ਇਸ ਸੰਮੇਲਨ ’ਚ ਹਿੱਸਾ ਲੈਣ ਲਈ ਪਾਕਿਸਤਾਨ ਨਹੀਂ ਆਉਣਾ ਚਾਹੁੰਦਾ ਤਾਂ ਉਹ ਇਸ ’ਚ ਵਰਚੁਅਲੀ ਸ਼ਾਮਿਲ ਹੋ ਸਕਦਾ ਹੈ। ਕੁਰੈਸ਼ੀ ਨੇ ਸੋਮਵਾਰ ਨੂੰ ਇਕ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਭਾਰਤ ਸਾਰਕ ’ਚ ਸ਼ਾਮਿਲ ਹੋਣ ਲਈ ਪਾਕਿਸਤਾਨ ਨਹੀਂ ਆਉਣਾ ਚਾਹੁੰਦਾ ਤੇ ਇਸ ਲਈ ਉਹ ਇਸ ਸੰਮੇਲਨ ’ਚ ਅੜਿੱਕਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ 19ਵੇਂ ਸਾਰਕ ਸੰਮੇਲਨ ’ਚ ਸ਼ਾਮਿਲ ਲਈ ਭਾਰਤ ਨੂੰ ਸੱਦਾ ਦੇ ਰਹੇ ਹਨ। ਜੇਕਰ ਉਹ ਇਸਲਾਮਾਬਾਦ ਆਉਣ ਲਈ ਤਿਆਰ ਨਹੀਂ ਤਾਂ ਉਹ ਇਸ ਸੰਮੇਲਨ ’ਚ ਆਨਲਾਈਨ ਹਿੱਸਾ ਲੈ ਸਕਦਾ ਹੈ। ਪਰ ਭਾਰਤ ਨੂੰ ਹੋਰ ਮੈਂਬਰ ਦੇਸਾਂ ਨੂੰ ਸਾਰਕ ’ਚ ਹਿੱਸਾ ਲੈਣ ਤੋਂ ਨਹੀਂ ਰੋਕਣਾ ਚਾਹੀਦਾ।ਸਾਰਕ ਖੇਤਰੀ ਦੇਸ਼ਾਂ ਦਾ ਇਕ ਸੰਗਠਨ ਹੈ ਜਿਸ ’ਚ ਅਫ਼ਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਤੇ ਸ੍ਰੀਲੰਕਾ ਸ਼ਾਮਿਲ ਹਨ। ਇਹ ਸੰਗਠਨ ਸਾਲ 2016 ਤੋਂ ਜ਼ਿਆਦਾ ਸਰਗਰਮ ਨਹੀਂ ਰਿਹਾ। ਸਾਲ 2014 ’ਚ ਨੇਪਾਲ ’ਚ ਹੋਏ ਸੰਮੇਲਨ ਤੋਂ ਬਾਅਦ ਇਸ ਦਾ ਕੋਈ ਸੰਮੇਲਨ ਵੀ ਨਹੀਂ ਹੋਇਆ। ਸਾਲ 2016 ’ਚ ਹੀ 15-19 ਨਵੰਬਰ ਤੱਕ ਇਸਲਾਮਾਬਾਦ ’ਚ ਬੈਠਕ ਹੋਣੀ ਸੀ, ਪਰ ਉਸੇ ਸਾਲ 18 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਉਰੀ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਇਸ ਸੰਮੇਲਨ ’ਚ ਸ਼ਿਰਕਤ ਤੋਂ ਇਨਕਾਰ ਕਰ ਦਿੱਤਾ ਸੀ। ਭਾਰਤ ਤੋਂ ਬਾਅਦ ਬੰਗਲਾਦੇਸ਼, ਭੂਟਾਨ ਤੇ ਅਫ਼ਗਾਨਿਸਤਾਨ ਨੇ ਵੀ ਸਾਰਕ ਸੰਮੇਲਨ ’ਚ ਸ਼ਾਮਿਲ ਹੋਣ ਤੋਂ ਮਨ੍ਹਾਂ ਕਰ ਦਿੱਤਾ ਸੀ। ਇਸ ਤੋਂ ਨਿਰਾਸ਼ ਹੋ ਕੇ ਪਾਕਿਸਤਾਨ ਨੇ ਇਹ ਬੈਠਕ ਹੀ ਰੱਦ ਕਰ ਦਿੱਤੀ ਸੀ।ਪਰ ਉਦੋਂ ਤੋਂ ਹੁਣ ਤੱਕ ਭਾਰਤ ਨਾਲ ਪਾਕਿਸਤਾਨ ਦੇ ਰਿਸ਼ਤੇ ’ਚ ਕੋਈ ਬਦਲਾਅ ਨਾ ਆਉਣ ਨੂੰ ਦੇਖਦੇ ਹੋਏ ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਭਾਰਤ ਬਾਰੇ ਅਜਿਹਾ ਬਿਆਨ ਦਿੱਤਾ ਹੈ। ਕੁਰੈਸ਼ੀ ਦਾ ਮੰਨਣਾ ਹੈ ਕਿ ਭਾਰਤ ’ਤੇ ਸਾਲ 2021 ’ਚ ਵੀ ਹਿੰਦੂਤਵ ਦੀ ਹੀ ਵਿਚਾਰਧਾਰਾ ਹਾਵੀ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਸੁਧਰਨ ਦੇ ਆਸਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਮੰਦੇਭਾਗੀਂ ਭਾਰਤ ਨਾਲ ਸਬੰਧ ਸਰਦ ਹੋ ਗਏ ਹਨ। ਸਾਡੇ ਵਿਚਾਰ ਨਾਲ ਹੁਣ ਦੇ ਸਾਲਾਂ ’ਚ ਹਮਲਾਵਰ ਹਿੰਦੂਤਵ ਕਾਰਨ ਖੇਤਰੀ ਸਹਿਯੋਗ ਨਹੀਂ ਬਣ ਪਾ ਰਿਹਾ। ਕੁਰੈਸ਼ੀ ਨੇ ਕਿਹਾ ਕਿ ਕਸ਼ਮੀਰ ਦਾ ਮੁੱਦਾ ਹੱਲ ਕੀਤੇ ਬਗ਼ੈਰ ਭਾਰਤ ਨਾਲ ਸ਼ਾਂਤੀ ਸਥਾਪਿਤ ਨਹੀਂ ਹੋ ਸਕਦੀ। ਜ਼ਿਕਰਯੋਗ ਹੈ ਕਿ ਭਾਰਤ ਪਾਕਿਸਤਾਨ ਨੂੰ ਪਹਿਲਾਂ ਹੀ ਕਹਿ ਚੁੱਕਿਆ ਹੈ ਕਿ ਉਸ ਨਾਲ ਆਮ ਗੁਆਂਢੀ ਵਰਗੇ ਰਿਸ਼ਤੇ ਤਾਂ ਹੀ ਸੰਭਵ ਹਨ ਜਦੋਂ ਉਹ ਅੱਤਵਾਦ ਤੇ ਹਿੰਸਾ ਦਾ ਰਸਤਾ ਛੱਡ ਦੇਵੇ।