ਇਸਲਾਮਾਬਾਦ – ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਮੁਖੀ ਲੈਫਟੀਨੈਂਟ ਨਦੀਮ ਅੰਜੁਮ ਨੇ ਪਾਕਿਸਤਾਨੀ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਫੋਟੋ ਤੇ ਵੀਡੀਓ ਫੁਟੇਜ ਜਾਰੀ ਕਰਨ ਤੋਂ ਰੋਕ ਦਿੱਤਾ ਹੈ। ਪਿਛਲੇ ਮਹੀਨੇ ਹੀ ਅੰਜੁਮ ਨੂੰ ਆਈਐੱਸਆਈ ਦਾ ਮੁਖੀ ਬਣਾਇਆ ਗਿਆ ਹੈ। ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੀ ਲੋਕਤੰਤਰੀ ਲੀਡਰਸ਼ਿਪ ਤੇ ਫ਼ੌਜ ਮੁਖੀ ਵਿਚਕਾਰ ਇਕ ਮਹੀਨੇ ਤੋਂ ਜਾਰੀ ਤਣਾਅ ਤੋਂ ਬਾਅਦ ਨਦੀਮ ਅੰਜੁਮ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ। ਅੰਜੁਮ ਨੇ ਲੈਫਟੀਨੈਂਟ ਜਨਰਲ ਫੈਜ਼ ਹਮੀਦ ਦੀ ਥਾਂ ਲੈ ਲਈ ਹੈ। ਪਿਛਲੇ ਸਾਲ ਅਗਸਤ ’ਚ ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਦੌਰਾਨ ਫੈਜ਼ ਹਮੀਦ ਦਾ ਕਾਬੁਲ ’ਚ ਇਕ ਰਿਪੋਰਟਰ ਨਾਲ ਗੱਲਬਾਤ ਦਾ ਇਕ ਫੁਟੇਜ ਬਹੁਤ ਵਾਇਰਲ ਹੋਇਆ ਸੀ। ਇਸੇ ਸੋਮਵਾਰ ਨੂੰ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ ਨੇ ਦੇਸ਼ ਦੀ ਪਹਿਲੀ ਰਾਸ਼ਟਰੀ ਸੁਰੱਖਿਆ ਨੀਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਇਸ ਉੱਚ ਪੱਧਰੀ ਬੈਠਕ ’ਚ ਆਈਐੱਸਆਈ ਦੇ ਡਾਇਰੈਕਟਰ ਵੀ ਸ਼ਾਮਿਲ ਹੋਏ ਸਨ। ਪਾਕਿਸਤਾਨ ਸਰਕਾਰ ਨੇ ਮੀਡੀਆ ’ਚ ਇਸ ਬੈਠਕ ਦੀ ਰਿਕਾਰਡਿੰਗ ਨੂੰ ਸ਼ਾਮਿਲ ਕੀਤਾ ਪਰ ਇਸ ’ਚ ਸਾਰੀਆਂ ਹਸਤੀਆਂ ਨੂੰ ਦਿਖਾਇਆ ਗਿਆ ਹੈ ਤੇ ਆਈਐੱਸਆਈ ਮੁਖੀ ਨੂੰ ਨਹੀਂ। ਇਕ ਕੇਂਦਰੀ ਮੰਤਰੀ ਨੇ ਮੀਡੀਆ ਨੂੰ ਦੱਸਿਆ ਕਿ ਆਈਐਸਆਈ ਮੁਖੀ ਨੇ ਸਰਕਾਰ ਨੂੰ ਤਾਕੀਦ ਕੀਤੀ ਹੈ ਕਿ ਉਨ੍ਹਾਂ ਦੀਆਂ ਬੈਠਕਾਂ ਦੀ ਕੋਈ ਵੀ ਤਸਵੀਰ ਜਾਂ ਵੀਡੀਓ ਜਨਤਕ ਨਾ ਕੀਤੀ ਜਾਵੇ। ਇਸ ਲਈ ਉਨ੍ਹਾਂ ਦੀ ਨਿਯੁਕਤੀ ਸਮੇਂ ਵੀ ਸਰਕਾਰ ਵੱਲੋਂ ਸਰਕਾਰ ਵੱਲੋਂ ਮੀਡੀਆ ’ਚ ਉਨ੍ਹਾਂ ਦੀ ਕੋਈ ਤਸਵੀਰ ਸਾਂਝੀ ਨਹੀਂ ਕੀਤੀ ਗਈ ਸੀ। ਆਈਐੱਸਆਈ ’ਚ ਕੰਮ ਕਰ ਚੁੱਕੇ ਪਾਕਿਸਤਾਨ ਦੇ ਮੇਜਰ ਜਨਰਲ ਰਿਟਾਇਰਡ ਇਜਾਜ਼ਤ ਅਵਾਨ ਦਾ ਕਹਿਣਾ ਹੈ ਕਿ ਨਵੇਂ ਆਈਐੱਸਆਈ ਡੀਜੀ ਦਾ ਇਕ ਰੁਖ਼ ਮੀਡੀਆ ’ਚ ਬੇਵਜ੍ਹਾ ਤਰਜੀਹ ਤੋਂ ਬਚਣਾ ਵੀ ਹੋ ਸਕਦਾ ਹੈ। ਆਦਰਸ਼ ਰੂਪ ’ਚ ਦੇਸ਼ ਦੀ ਖ਼ੁਫ਼ੀਆ ਏਜੰਸੀ ਲਈ ਕੰਮ ਕਰਨ ਵਾਲੇ ਨੂੰ ਦੁਨੀਆ ਦੇ ਸਾਹਮਣੇ ਨਹੀਂ ਆਉਣਾ ਚਾਹੀਦਾ।